ਨਵੀਂ ਦਿੱਲੀ, 10 ਦਸੰਬਰ
ਭਾਰਤੀ ਹਵਾਈ ਸੈਨਾ ਨੇ ਤਾਮਿਲਨਾਡੂ ਦੇ ਕੁੰਨੂਰ ਨੇੜੇ ਵਾਪਰੇ ਹੈਲੀਕਾਪਟਰ ਹਾਦਸੇ ਬਾਰੇ ‘ ਅਫ਼ਵਾਹਾਂ ’ਤੇ ਧਿਆਨ ਨਾ ਦੇਣ ਲਈ ਕਿਹਾ ਹੈ। ਇਸ ਹਾਦਸੇ ’ਚ ਸੀਡੀਐੱਸ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰ ਫ਼ੌਜੀ ਅਧਿਕਾਰੀ ਹਲਾਕ ਹੋ ਗਏ ਸਨ। ਹਵਾਈ ਸੈਨਾ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਹੈਲੀਕਾਪਟਰ ਹਾਦਸੇ ਪਿੱਛੇ ਕਿਸੇ ਸਾਜ਼ਿਸ਼ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਉਧਰ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਪੋਸਟਾਂ ਦਾ ਨੋਟਿਸ ਲੈਂਦਿਆਂ ਕਰਨਾਟਕ ਦੇ ਮੁੱਖ ਮੰਤਰੀ ਬਾਸਵਰਾਜ ਬੋਮਈ ਨੇ ਪੁਲੀਸ ਨੂੰ ਕਿਹਾ ਹੈ ਕਿ ਅਜਿਹੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਆਰੰਭੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮੰਦਭਾਗੇ ਹਾਦਸੇ ਬਾਰੇ ਗ਼ਲਤ ਜਾਣਕਾਰੀ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਹਾਦਸੇ ’ਚ ਬਚੇ ਹਵਾਈ ਸੈਨਾ ਦੇ ਗਰੁੱਪ ਕੈਪਟਨ ਵਰੁਣ ਸਿੰਘ ਦੀ ਛੇਤੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਕਿਹਾ ਕਿ ਉਸ ਦਾ ਬੰਗਲੂਰੂ ਦੇ ਕਮਾਂਡ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ। ਹੈਲੀਕਾਪਟਰ ਹਾਦਸੇ ਦੀ ਜਾਂਚ ਲਈ ਤਿੰਨੋਂ ਸੇਵਾਵਾਂ ਦੀ ਕਮੇਟੀ ਬਣਾਈ ਗਈ ਹੈ ਜਿਸ ਦੀ ਅਗਵਾਈ ਹਵਾਈ ਫ਼ੌਜ ਦੀ ਸਿਖਲਾਈ ਕਮਾਂਡ ਦੇ ਮੁਖੀ ਮਾਰਸ਼ਲ ਮਾਨਵੇਂਦਰ ਸਿੰਘ ਕਰ ਰਹੇ ਹਨ। ਇਕ ਟਵੀਟ ’ਚ ਹਵਾਈ ਸੈਨਾ ਨੇ ਕਿਹਾ ਕਿ ਜਾਂਚ ਤੇਜ਼ੀ ਨਾਲ ਮੁਕੰਮਲ ਕੀਤੀ ਜਾਵੇਗੀ ਅਤੇ ਹੈਲੀਕਾਪਟਰ ਹਾਦਸੇ ਬਾਰੇ ਤੱਥ ਸਾਹਮਣੇ ਲਿਆਂਦੇ ਜਾਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਸੰਸਦ ’ਚ ਿਦੱਤੇ ਬਿਆਨ ਦੌਰਾਨ ਜਾਂਚ ਦੇ ਹੁਕਮ ਦੀ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਹਵਾਈ ਫੌਜ ਦੀ ਅਗਵਾਈ ਹੇਠ ਟੀਮ ਹੈਲੀਕਾਪਟਰ ਹਾਦਸੇ ਦੀ ਜਾਂਚ ਕਰੇਗੀ। -ਪੀਟੀਆਈ
ਖ਼ਰਾਬ ਮੌਸਮ ਕਾਰਨ ਹੈਲੀਕਾਪਟਰ ਦੇ ਡਿੱਗਣ ਦੀ ਸੰਭਾਵਨਾ
ਕੋਇੰਬਟੂਰ: ਹਵਾਈ ਫ਼ੌਜ ਦਾ ਹੈਲੀਕਾਪਟਰ ਡਿੱਗਣ ਤੋਂ ਪਹਿਲਾਂ ਉਸ ਦਾ ਵੀਡੀਓ ਬਣਾਉਣ ਦਾ ਦਾਅਵਾ ਕਰਨ ਵਾਲੇ ਸ਼ਹਿਰ ਦੇ ਫੋਟੋਗ੍ਰਾਫਰ ਵਾਈ ਜੋਇ ਉਰਫ਼ ਕੁੱਟੀ (52) ਨੇ ਕਿਹਾ ਹੈ ਕਿ ਖ਼ਰਾਬ ਮੌਸਮ ਅਤੇ ਸਾਫ਼ ਦਿਖਾਈ ਨਾ ਦੇਣ ਕਾਰਨ ਹਾਦਸਾ ਵਾਪਰਿਆ ਹੋ ਸਕਦਾ ਹੈ। ਜ਼ਿਆਦਾਤਰ ਵਿਆਹ ਸਮਾਗਮਾਂ ਦੇ ਵੀਡੀਓ ਅਤੇ ਤਸਵੀਰਾਂ ਖਿੱਚਣ ਵਾਲੇ ਕੁੱਟੀ ਨੇ ਆਪਣੇ ਮੋਬਾਈਲ ਫੋਨ ’ਤੇ ਹੈਲੀਕਾਪਟਰ ਦਾ ਵੀਡੀਓ ਰਿਕਾਰਡ ਕੀਤਾ ਹੈ ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਉਹ ਆਪਣੇ ਦੋਸਤ ਨਾਜ਼ਰ ਦੇ ਪਰਿਵਾਰ ਨਾਲ ਕਾਟੇਰੀ ਇਲਾਕੇ ’ਚ ਤਸਵੀਰਾਂ ਖਿੱਚਣ ਲਈ ਗਿਆ ਸੀ ਅਤੇ ਉਤਸ਼ਾਹ ’ਚ ਆ ਕੇ ਹੈਲੀਕਾਪਟਰ ਦੀ ਵੀਡੀਓ ਵੀ ਬਣਾ ਲਈ ਸੀ। ਕੁੱਟੀ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਹੈਲੀਕਾਪਟਰ ਦੀ ਆਵਾਜ਼ ਸੁਣੀ ਤਾਂ ਉਸ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਅਚਾਨਕ ਹੀ ਹੈਲੀਕਾਪਟਰ ਧੁੰਦ ’ਚ ਗੁਆਚ ਗਿਆ ਅਤੇ ਨਾਲ ਹੀ ਇਕ ਭਾਰੀ ਧਮਾਕੇ ਦੀ ਆਵਾਜ਼ ਆਈ। ਉਨ੍ਹਾਂ ਪਹਾੜੀ ’ਤੇ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਇੰਨੇ ਨੂੰ ਪੁਲੀਸ ਆ ਗਈ ਅਤੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। -ਪੀਟੀਆਈ