ਸ੍ਰੀਨਗਰ, 16 ਜੂਨ
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਇੱਥੇ ਅਮਰਨਾਥ ਯਾਤਰਾ ਲਈ ਆਨਲਾਈਨ ਹੈਲੀਕਾਪਟਰ ਬੁਕਿੰਗ ਪੋਰਟਲ ਦੀ ਸ਼ੁਰੂਆਤ ਕੀਤੀ ਹੈ। ਅਮਰਨਾਥ ਦੀ ਸਾਲਾਨਾ ਯਾਤਰਾ 30 ਜੂਨ ਨੂੰ ਸ਼ੁਰੂ ਹੋਵੇਗੀ। ਉਪ ਰਾਜਪਾਲ ਸਿਨਹਾ ਨੇ ਪੋਰਟਲ ਸ਼ੁਰੂ ਕਰਨ ਮਗਰੋਂ ਟਵੀਟ ਕਰਦਿਆਂ ਕਿਹਾ, ‘‘ਸ੍ਰੀ ਅਮਰਨਾਥ ਜੀ ਯਾਤਰਾ ਲਈ ਆਨਲਾਈਨ ਹੈਲੀਕਾਪਟਰ ਬੁਕਿੰਗ ਸੇਵਾ ਪੋਰਟਲ ਸ਼ੁਰੂ ਕੀਤਾ ਗਿਆ ਹੈ। ਪਹਿਲੀ ਵਾਰ ਸ਼ਰਧਾਲੂ ਸਿੱਧਾ ਸ੍ਰੀਨਗਰ ਤੋਂ ਪੰਚਤਰਨੀ ਤੱਕ ਆਸਾਨੀ ਨਾਲ ਪਹੁੰਚ ਸਕਦੇ ਹਨ ਅਤੇ ਇੱਕ ਦਿਨ ਵਿੱਚ ਹੀ ਪਵਿੱਤਰ ਯਾਤਰਾ ਪੂਰੀ ਕਰ ਸਕਦੇ ਹਨ।’’ ਸਿਨਹਾ ਨੇ ਕਿਹਾ ਕਿ ਸਰਕਾਰ ਲੰਬੇ ਸਮੇਂ ਤੋਂ ਸ੍ਰੀਨਗਰ ਤੋਂ ਸ਼ਰਧਾਲੂਆਂ ਲਈ ਹੈਲੀਕਾਪਟਰ ਸੇਵਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਉਨ੍ਹਾਂ ਕਿਹਾ, ‘‘ਬਿਹਤਰ ਸੰਪਰਕ ਅਤੇ ਪਹੁੰਚ ਯਕੀਨੀ ਬਣਾਉਣ ਲਈ ਸ੍ਰੀਨਗਰ ਤੋਂ ਹੈਲੀ ਸੇਵਾਵਾਂ ਸ਼ੁਰੂ ਕਰਨ ਦੀ ਸਰਕਾਰ ਦੀ ਇਹ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਕੋਸ਼ਿਸ਼ ਹੈ। ਸ਼ਰਧਾਲੂ ਬੁਕਿੰਗ ਲਈ ਆਸਾਨੀ ਨਾਲ ਧਾਮ ਬੋਰਡ ਦੀ ਵੈੱਬਸਾਈਟ ’ਤੇ ਲਾਗਇਨ ਕਰ ਸਕਦੇ ਹਨ।’’ ਅਮਰਨਾਥ ਦੀ ਸਾਲਾਨਾ ਯਾਤਰਾ 30 ਜੂਨ ਤੋਂ ਸ਼ੁਰੂ ਹੋ ਕੇ 11 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ। ਇਸ ਸਾਲ ਤੀਰਥ ਯਾਤਰਾ ਲਈ 100 ਲੱਖ ਤੋਂ ਵੱਧ ਸ਼ਰਧਾਲੂੁਆਂ ਦੇ ਆਉਣ ਦੀ ਉਮੀਦ ਹੈ। -ਪੀਟੀਆਈ