ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਕਾਸ਼ਵਾਣੀ ’ਤੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਜ਼ਿਕਰ ਕੀਤੇ ਗਏ ਵਿਅਕਤੀਆਂ, ਸ਼ਹੀਦ ਜਵਾਨਾਂ ਦੇ ਵਾਰਸਾਂ ਅਤੇ ਮਹਿਲਾ ਸਰਪੰਚਾਂ ਨੂੰ ਰਾਜਪਾਲ ਅਤੇ ਲੈਫ਼ਟੀਨੈਂਟ ਗਵਰਨਰਾਂ ਵੱਲੋਂ ਆਜ਼ਾਦੀ ਦਿਹਾੜੇ ’ਤੇ ਕਰਵਾਏ ਜਾਣ ਵਾਲੇ ‘ਐਟ ਹੋਮ’ ਸਮਾਗਮ ’ਚ ਉਚੇਚੇ ਤੌਰ ’ਤੇ ਸੱਦੇ ਭੇਜੇ ਜਾਣ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਭੇਜੇ ਗਏ ਸੁਨੇਹੇ ’ਚ ਕਿਹਾ ਗਿਆ ਹੈ ਕਿ ਸਮਾਗਮ ’ਚ ਵੱਖ ਵੱਖ ਖੇਤਰਾਂ ਦੀ ਨੁਮਾਇੰਦਗੀ ਹੋਣੀ ਚਾਹੀਦੀ ਹੈ। ਰਾਜਪਾਲ ਭਵਨਾਂ ’ਚ ਬੈਂਡ ’ਤੇ ਉਚੇਚੇ ਤੌਰ ’ਤੇ ਧਿਆਨ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਮੀ ਗਾਣਿਆਂ ਦੀ ਬਜਾਏ ਦੇਸ਼ਭਗਤੀ ਦੇ ਤਰਾਨੇ ਵਜਾਏ ਜਾਣੇ ਚਾਹੀਦੇ ਹਨ। -ਪੀਟੀਆਈ