ਗਿਆਨ ਠਾਕੁਰ, 23 ਅਪਰੈਲ
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸ਼ਿਮਲਾ ਦੇ ਸੈਲਾਨੀ ਕੇਂਦਰ ਨਾਰਕੰਡਾ ਵਿੱਚ ਅੱਜ ਸਵੇਰ ਤੋਂ ਹੀ ਭਾਰੀ ਬਰਫਬਾਰੀ ਹੋ ਰਹੀ ਹੈ ਜਿਸ ਕਾਰਨ ਪੂਰੀ ਉਤਰੀ ਖਿੱਤੇ ਵਿਚ ਅਪਰੈਲ ਮਹੀਨੇ ਵਿਚ ਵੀ ਮੌਸਮ ਠੰਢਾ ਹੋ ਗਿਆ ਹੈ। ਨਾਰਕੰਡਾ ਵਿਚ ਬਰਫਬਾਰੀ ਕਾਰਨ ਭਾਰਤ-ਤਿੱਬਤ ਸੜਕ ’ਤੇ ਆਵਾਜਾਈ ਪ੍ਰਭਾਵਿਤ ਹੋਈ। ਦੂਜੇ ਪਾਸੇ ਮਨਾਲੀ ਵਿਚ ਵੀ ਸਵੇਰ ਤੋਂ ਹੀ ਬਰਫਬਾਰੀ ਜਾਰੀ ਹੈ। ਲਾਹੌਲ ਸਪਿਤੀ ਵਿਚ ਬਾਰਾਲਾਚਾ ਤੇ ਰੋਹਤਾਂਗ ਦਰ੍ਹਾ ਵਿਚ ਤਾਪਮਾਨ ਸਿਫਰ ਤੋਂ 20 ਡਿਗਰੀ ਹੇਠਾਂ ਡਿੱਗ ਗਿਆ ਹੈ। ਸ਼ਿਮਲਾ ਵਿਚ ਤਾਂ ਬੀਤੀ ਰਾਤ ਤੋਂ ਮੀਂਹ ਪੈ ਰਿਹਾ ਹੈ ਤੇ ਕਈ ਥਾਵਾਂ ’ਤੇ ਔਲੇ ਵੀ ਪਏ। ਇਸ ਕਾਰਨ ਸੇਬ ਦੀ ਫਸਲ ਨੁਕਸਾਨੀ ਗਈ। ਸ਼ਿਮਲਾ ਜ਼ਿਲ੍ਹੇ ਵਿਚ ਖੜਾ ਪੱਥਰ ਵਿਚ ਭਾਰੀ ਬਰਫਬਾਰੀ ਹੋਈ ਜਿਸ ਕਾਰਨ ਰੋਹੜੂ ਲਈ ਆਵਾਜਾਈ ਪ੍ਰਭਾਵਿਤ ਹੋਈ।