ਲਖਨਊ, 16 ਸਤੰਬਰ
ਉੱਤਰ ਪ੍ਰਦੇਸ਼ ’ਚ ਮੋਹਲੇਧਾਰ ਮੀਂਹ ਕਾਰਨ ਫਤਹਿਪੁਰ, ਪ੍ਰਤਾਪਗੜ੍ਹ, ਕੌਸ਼ਾਂਬੀ, ਜੌਨਪੁਰ ਅਤੇ ਬਾਰਾਬੰਕੀ ਜ਼ਿਲ੍ਹਿਆਂ ’ਚ ਘਰ ਅਤੇ ਦੀਵਾਰਾਂ ਡਿੱਗਣ ਕਾਰਨ 12 ਵਿਅਕਤੀ ਮਾਰੇ ਗਏ। ਮੌਸਮ ਵਿਭਾਗ ਮੁਤਾਬਕ ਪ੍ਰਤਾਪਗੜ੍ਹ ਅਤੇ ਅਯੁੱਧਿਆ ’ਚ 20 ਸੈਂਟੀਮੀਟਰ ਮੀਂਹ ਪਿਆ ਹੈ। ਭਾਰੀ ਮੀਂਹ ਪੈਣ ਕਾਰਨ ਕਈ ਥਾਵਾਂ ’ਤੇ ਪਾਣੀ ਖੜ੍ਹਾ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੂਬੇ ਦੀ ਰਾਜਧਾਨੀ ਲਖਨਊ ’ਚ ਬੁੱਧਵਾਰ ਰਾਤ ਤੋਂ ਪਏ ਭਾਰੀ ਮੀਂਹ ਕਾਰਨ ਪਾਣੀ ਜਮ੍ਹਾਂ ਹੋ ਗਿਆ। ਲਖਨਊ ਨਗਰ ਨਿਗਮ ਦੇ ਦਫ਼ਤਰ ਅੰਦਰ ਵੀ ਪਾਣੀ ਦਾਖ਼ਲ ਹੋ ਗਿਆ। ਕਈ ਥਾਵਾਂ ’ਤੇ ਦਰੱਖ਼ਤ ਟੁੱਟ ਗਏ ਅਤੇ ਕੁਝ ਸੜਕਾਂ ਧੱਸ ਗਈਆਂ। ਭਾਰੀ ਮੀਂਹ ਨੂੰ ਦੇਖਦਿਆਂ ਲਖਨਊ ਦੇ ਜ਼ਿਲ੍ਹਾ ਮੈਜਿਸਟਰੇਟ ਅਭਿਸ਼ੇਕ ਪ੍ਰਕਾਸ਼ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਖੁੱਲ੍ਹੇ ਸੀਵਰੇਜਾਂ, ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ਤੋਂ ਬਚ ਕਰ ਰਹਿਣ ਲਈ ਕਿਹਾ ਹੈ। ਮੌਸਮ ਵਿਭਾਗ ਮੁਤਾਬਕ ਅਜੇ ਹੋਰ ਮੀਂਹ ਪੈ ਸਕਦਾ ਹੈ। -ਪੀਟੀਆਈ
ਦਿੱਲੀ ’ਚ 1964 ਤੋਂ ਮਗਰੋਂ ਇਸ ਵਾਰ ਸਭ ਤੋਂ ਵੱਧ ਮੀਂਹ ਪਿਆ
ਨਵੀਂ ਦਿੱਲੀ: ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਸਾਲ ਦਿੱਲੀ ਵਿੱਚ ਅੱਜ (ਵੀਰਵਾਰ) ਦੁਪਹਿਰ ਤੱਕ 1159.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਇਹ 1964 ਤੋਂ ਬਾਅਦ ਸਭ ਤੋਂ ਵੱਧ ਅਤੇ ਹੁਣ ਤੱਕ ਤੀਜੀ ਸਭ ਤੋਂ ਵੱਧ ਬਾਰਿਸ਼ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ ਸਤੰਬਰ ਮਹੀਨੇ ਵੀ ਮੀਂਹ ਨੇ 400 ਮਿਲੀਮੀਟਰ ਦੇ ਨਿਸ਼ਾਨ ਨੂੰ ਪਾਰ ਕਰ ਲਿਆ ਹੈ। ਵੀਰਵਾਰ ਦੁਪਹਿਰ ਤੱਕ 403 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜੋ 1944 ’ਚ ਇਸ ਮਹੀਨੇ ਹੋਈ 417.3 ਮਿਲੀਮੀਟਰ ਬਾਰਿਸ਼ ਤੋਂ ਮਗਰੋਂ ਦੂਜੀ ਸਭ ਤੋਂ ਵੱਧ ਬਾਰਿਸ਼ ਹੈ। ਮੌਸਮ ਵਿਭਾਗ ਨੇ ਹਾਲੇ ਹੋਰ ਮੀਂਹ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਹੈ। -ਪੀਟੀਆਈ