ਅਹਿਮਦਾਬਾਦ, 14 ਸਤੰਬਰ
ਗੁਜਰਾਤ ਦੇ ਰਾਜਕੋਟ ਤੇ ਜਾਮਨਗਰ ਵਿੱਚ ਪਿਛਲੇ 24 ਘੰਟਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਹੜ੍ਹਾਂ ਵਿੱਚ ਫਸੇ 200 ਤੋਂ ਵੱਧ ਵਿਅਕਤੀਆਂ ਨੂੰ ਉੱਥੋਂ ਕੱਢਿਆ ਗਿਆ ਅਤੇ 7000 ਵਿਅਕਤੀਆਂ ਨੂੰ ਦੋਵਾਂ ਜ਼ਿਲ੍ਹਿਆਂ ਦੀਆਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਇਹ ਜਾਣਕਾਰੀ ਇੱਥੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਸਾਂਝੀ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹਾਂ ਕਾਰਨ ਸੌਰਾਸ਼ਟਰ ਖਿੱਤੇ ਦੇ ਰਾਜਕੋਟ, ਜਾਮਨਗਰ ਤੇ ਜੂਨਾਗੜ੍ਹ ਜ਼ਿਲ੍ਹਿਆਂ ਵਿੱਚੋਂ ਗੁਜ਼ਰਦੇ 18 ਸੂਬਾਈ ਮੁੱਖ ਮਾਰਗ ਅਤੇ ਜਾਮਨਗਰ ਦਾ ਕੌਮੀ ਮਾਰਗ ਬੰਦ ਹੋ ਗਿਆ। ਕਈ ਪਿੰਡਾਂ ਦਾ ਸੜਕਾਂ ਨਾਲੋਂ ਸੰਪਰਕ ਟੁੱਟ ਗਿਆ। ਉਨ੍ਹਾਂ ਦੱਸਿਆ ਕਿ ਫੋਫਲ ਨਦੀ ਦਾ ਪੁਲ ਢਹਿ-ਢੇਰੀ ਹੋ ਗਿਆ ਅਤੇ ਰਾਜਕੋਟ ਵਿੱਚ ਜਾਮ ਕੰਡੋਰਨਾ ਤੇ ਗੋਂਡਲ ਨੂੰ ਜੋੜਦੀਆਂ ਸੜਕਾਂ ਬੰਦ ਹੋ ਗਈਆਂ। ਉਨ੍ਹਾਂ ਅੱਗੇ ਦੱਸਿਆ ਕਿ ਸਾਰੀ ਰਾਤ ਮੀਂਹ ਵਰ੍ਹਨ ਮਗਰੋਂ ਰਾਜਕੋਟ ਤੇ ਜਾਮਨਗਰ ’ਚ ਮੰਗਲਵਾਰ ਨੂੰ ਮੀਂਹ ਥੋੜ੍ਹਾ ਘਟਿਆ ਹੈ ਜਦੋਂ ਕਿ ਗੁਆਂਢੀ ਜ਼ਿਲ੍ਹੇ ਜੂਨਾਗੜ੍ਹ ਵਿੱਚ ਦਿਨ ਸਮੇਂ ਮੋਹਲੇਧਾਰ ਵਰਖਾ ਹੋਈ।
ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭੁਪੇਂਦਰ ਪਟੇਲ, ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਰਾਜਕੋਟ ਤੇ ਜਾਮਨਗਰ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਅਤੇ ਕੋਸਟ ਗਾਰਡ ਨੂੰ ਲੋਕਾਂ ਦੀ ਮਦਦ ਲਈ ਸੱਦਿਆ ਗਿਆ ਹੈ। ਹੜ੍ਹ ਮਾਰੇ ਇਲਾਕਿਆਂ ਵਿੱਚ ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀਆਂ ਟੀਮਾਂ ਪਹਿਲਾਂ ਹੀ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਹਵਾਈ ਸੈਨਾ ਨੇ ਜਾਮਨਗਰ ਦੇ ਵੱਖ ਵੱਖ ਹਿੱਸਿਆਂ ਵਿੱਚ ਫਸੇ 22 ਵਿਅਕਤੀਆਂ ਨੂੰ ਹੈਲੀਕਾਪਟਰਾਂ ਰਾਹੀਂ ਬਚਾਇਆ। ਜ਼ਿਲ੍ਹੇ ਭਰ ਵਿੱਚੋਂ 150 ਵਿਅਕਤੀਆਂ ਨੂੰ ਬਚਾਇਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਹਵਾਈ ਸੈਨਾ ਨੇ ਰਾਜਕੋਟ ਦੇ ਸੱਤ ਵਿਅਕਤੀਆਂ ਨੂੰ ਬਚਾਇਆ ਜਦੋਂ ਕਿ ਜ਼ਿਲ੍ਹੇ ਦੇ ਕੁੱਲ 56 ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ। ਕੁਲੈਕਟਰ ਅਰੁਣ ਮਹੇਸ਼ ਬਾਬੂ ਨੇ ਦੱਸਿਆ ਕਿ ਰਾਜਕੋਟ ਵਿੱਚ ਸੋਮਵਾਰ ਨੂੰ ਤੇਜ਼ ਪਾਣੀ ਵਹਾਅ ’ਚ ਕਾਰ ਰੁੜ੍ਹਨ ਕਾਰਨ ਲਾਪਤਾ ਦੋ ਵਿਅਕਤੀਆਂ ਦੀ ਭਾਲ ਵਿੱਚ ਜਲ ਸੈਨਾ ਮਦਦ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਐੱਸਡੀਆਰਐੱਫ ਦੀਆਂ ਦੋ ਟੀਮਾਂ ਗੋਂਡਲ ਤੇ ਲੋਧੀਕਾ ਤਾਲੁਕਾਸ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰਾਂ ਦੇ 1467 ਵਿਅਕਤੀਆਂ ਅਤੇ ਸ਼ਹਿਰੀ ਖੇਤਰਾਂ ਦੇ 600 ਤੋਂ ਉੱਪਰ ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਤਬਦੀਲ ਕਰ ਦਿੱਤਾ ਗਿਆ ਹੈ। -ਪੀਟੀਆਈ
ਉੜੀਸਾ ਸਰਕਾਰ ਵੱਲੋਂ ਨੀਵੇਂ ਇਲਾਕਿਆਂ ’ਚ ਰਹਿੰਦੇ ਲੋਕਾਂ ਨੂੰ ਕੱਢਣ ਦਾ ਆਦੇਸ਼
ਭੁਬਨੇਸ਼ਵਰ (ਪੀਟੀਆਈ): ਪਿਛਲੇ 36 ਘੰਟਿਆਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਉੜੀਸਾ ਵਿੱਚ ਜ਼ਿਆਦਾਤਰ ਨਦੀਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ। ਸੂਬਾਈ ਸਰਕਾਰ ਨੇ ਮੰਗਲਵਾਰ ਨੂੰ ਜ਼ਿਲ੍ਹਿਆਂ ਦੇ ਕੁਲੈਕਟਰਾਂ ਨੂੰ ਹੇਠਲੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਕੱਢਣ ਦੀ ਹਦਾਇਤ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੋਹਲੇਧਾਰ ਮੀਂਹ ਕਾਰਨ ਹੋਏ ਹਾਦਸਿਆਂ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਵਿਸ਼ੇਸ਼ ਰਾਹਤ ਕਮਿਸ਼ਨਰ ਪੀਕੇ ਜੈਨਾ ਨੇ ਕੁਲੈਕਟਰਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਛੇਤੀ ਸੁਰੱਖਿਅਤ ਥਾਵਾਂ ’ਤੇ ਲਿਜਾਣ ਦੀ ਹਦਾਇਤ ਕੀਤੀ।