ਮੁੰਬਈ, 5 ਜੁਲਾਈ
ਮੁੰਬਈ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਅੱਜ ਪਏ ਮੋਹਲੇਧਾਰ ਮੀਂਹ ਕਾਰਨ ਆਮ ਜ਼ਿੰਦਗੀ ਲੀਹੋਂ ਲੱਥ ਗਈ। ਇਸ ਦੌਰਾਨ ਕਈ ਥਾਵਾਂ, ਸੜਕਾਂ ਤੇ ਰੇਲਵੇ ਟਰੈਕਾਂ ’ਤੇ ਪਾਣੀ ਭਰਨ ਕਾਰਨ ਰੇਲ ਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ।
ਸਥਾਨਕ ਅਧਿਕਾਰੀਆਂ ਅਨੁਸਾਰ ਹਾਲ ਦੀ ਘੜੀ ਰਾਹਤ ਮਿਲਣ ਦੀ ਕੋਈ ਆਸ ਨਹੀਂ ਹੈ ਕਿਉਂਕਿ ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਦੌਰਾਨ ਮੁੰਬਈ ਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਤੋਂ ਇਲਾਵਾ ਕਈ ਅਲੱਗ-ਥਲੱਗ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਕਦਮ ਉਠਾਉਣ ਅਤੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ।
ਸਵੇਰੇ 8 ਵਜੇ ਤੱਕ ਪਿਛਲੇ 24 ਘੰਟਿਆਂ ਦੌਰਾਨ ਦੱਖਣੀ ਮੁੰਬਈ ਵਿੱਚ ਔਸਤ 95.81 ਮਿਲੀਮੀਟਰ ਮੀਂਹ ਪਿਆ ਜਦਕਿ ਪੂਰਬੀ ਤੇ ਪੱਛਮੀ ਖੇਤਰਾਂ ਵਿੱਚ ਕ੍ਰਮਵਾਰ 115.09 ਮਿਲੀਮੀਟਰ ਤੇ 116.73 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਬ੍ਰਿਹਨਮੁੰਬਈ ਨਗਰ ਨਿਗਮ (ਬੀਐੱਮਸੀ) ਦੇ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 8 ਤੋਂ 11.30 ਵਜੇ ਵਿਚਾਲੇ ਦੱਖਣੀ ਮੁੰਬਈ ਵਿੱਚ 41 ਮਿਲੀਮੀਟਰ ਮੀਂਹ ਪਿਆ ਜਦਕਿ ਪੂਰਬੀ ਤੇ ਪੱਛਮੀ ਖੇਤਰਾਂ ਵਿੱਚ ਇਸ ਸਮੇਂ ਦੌਰਾਨ ਕ੍ਰਮਵਾਰ 85 ਮਿਲੀਮੀਟਰ ਤੇ 55 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਰੇਲਵੇ ਦੇ ਸੂਤਰਾਂ ਨੇ ਦੱਸਿਆ ਕਿ ਕੁਰਲਾ ਨੇੜੇ ਰੇਲਵੇ ਟਰੈਕਾਂ ’ਤੇ ਪਾਣੀ ਭਰਨ ਕਾਰਨ ਮੁੰਬਈ ਦੀ ਜੀਵਨ ਰੇਖਾ ਮੰਨੀਆਂ ਜਾਂਦੀਆਂ ਉਪਨਗਰ ਰੇਲ ਸੇਵਾਵਾਂ ਵੀ ਕੇਂਦਰੀ ਰੇਲਵੇ ਦੇ ਮੇਨ ਤੇ ਹਾਰਬਰ ਲਾਂਘਿਆਂ ’ਤੇ ਪ੍ਰਭਾਵਿਤ ਹੋਈਆਂ। ਇਸ ਦੌਰਾਨ ਯਾਤਰੀਆਂ ਨੇ ਨਵੀਂ ਮੁੰਬਈ ਵਿੱਚ ਹਾਰਬਰ ਲਾਈਨ ’ਤੇ ਪੈਂਦੇ ਪਨਵੇਲ, ਖਾਂਡੇਸ਼ਵਰ ਅਤੇ ਮਾਨਸਰੋਵਰ ਸਟੇਸ਼ਨਾਂ ਵਿੱਚ ਕੁਝ ਸਬਵੇਅਜ਼ ’ਚ ਕਾਫੀ ਜ਼ਿਆਦਾ ਪਾਣੀ ਭਰਨ ਦੀਆਂ ਸ਼ਿਕਾਇਤਾਂ ਕੀਤੀਆਂ। ਸਿਓਨ, ਚੈਂਬੂਰ, ਬਾਂਦਰਾ, ਏਅਰ ਇੰਡੀਆ ਕਲੋਨੀ, ਕੁਰਲਾ ਤੇ ਕੁਝ ਹੋਰ ਥਾਵਾਂ ’ਤੇ ਕਾਫੀ ਪਾਣੀ ਭਰਿਆ ਹੋਣ ਕਾਰਨ ਮੁੰਬਈ ਅਤੇ ਨਾਲ ਲੱਗਦੇ ਸ਼ਹਿਰਾਂ ਵਿੱਚ ਬੱਸ ਸੇਵਾ ਮੁਹੱਈਆ ਕਰਵਾਉਣ ਵਾਲੀ ਬੈਸਟ ਅੰਡਰਟੇਕਿੰਗ ਨੂੰ ਵੀ ਆਪਣੀਆਂ ਬੱਸਾਂ ਬਦਲਵੇਂ ਰੂਟਾਂ ’ਤੇ ਚਲਾਉਣੀਆਂ ਪਈਆਂ। -ਪੀਟੀਆਈ
ਮੌਨਸੂਨ ਨੇ ਰਫ਼ਤਾਰ ਫੜੀ: ਮੌਸਮ ਵਿਭਾਗ
ਨਵੀਂ ਦਿੱਲੀ: ਮੱਧ ਭਾਰਤ ਵਿੱਚ ਘੱਟ ਦਬਾਅ ਦੇ ਖੇਤਰ ਦੇ ਪ੍ਰਭਾਵ ਕਰ ਕੇ ਦੱਖਣ-ਪੱਛਮੀ ਮੌਨਸੂਨ ਨੇ ਰਫ਼ਤਾਰ ਫੜ ਲਈ ਹੈ, ਜਿਸ ਨਾਲ ਇਸ ਖੇਤਰ ਵਿੱਚ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਸਮੇਂ ਭਰਪੂਰ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਨੇ ਅੱਜ ਕਿਹਾ ਕਿ ਮੱਧ ਭਾਰਤ ਅਤੇ ਪੱਛਮੀ ਤੱਟ ’ਤੇ ਅਗਲੇ ਪੰਜ ਦਿਨ ਮੌਨਸੂਨ ਸਰਗਰਮ ਰਹੇਗਾ ਜਦਕਿ ਦੇਸ਼ ਦੇ ਉੱਤਰ-ਪੱਛਮੀ ਹਿੱਸਿਆਂ ਵਿੱਚ ਬੁੱਧਵਾਰ ਨੂੰ ਮੌਸਮੀ ਮੀਂਹ ਪੈਣ ਦੀ ਸੰਭਾਵਨਾ ਹੈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਕੁਝ ਦਿਨਾਂ ’ਚ ਹੋਈ ਚੰਗੀ ਬਾਰਿਸ਼ ਕਰ ਕੇ ਦੇਸ਼ ਵਿੱਚ ਇਸ ਦੀ ਕੁੱਲ ਘਾਟ ਪਿਛਲੇ ਸ਼ੁੱਕਰਵਾਰ ਦੇ ਅੱਠ ਫੀਸਦ ਦੇ ਅੰਕੜੇ ਤੋਂ ਘੱਟ ਕੇ ਦੋ ਫੀਸਦ ਹੋਣ ਵਿੱਚ ਮਦਦ ਮਿਲੀ ਹੈ। -ਪੀਟੀਆਈ