ਗੁਹਾਟੀ, 16 ਜੂਨ
ਅਸਾਮ ਵਿੱਚ ਲਗਾਤਾਰ ਤੀਜੇ ਦਿਨ ਵੀ ਭਾਰੀ ਮੀਂਹ ਪੈਂਦਾ ਰਿਹਾ, ਜਿਸ ਦੌਰਾਨ ਢਿੱਗਾਂ ਡਿੱਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਸੂਬੇ ਵਿੱਚ ਹੜ੍ਹਾਂ ਕਾਰਨ ਸਥਿਤੀ ਕਾਫ਼ੀ ਖਰਾਬ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੋਲਪਾਰਾ ਜ਼ਿਲ੍ਹੇ ਦੇ ਆਜ਼ਾਦ ਨਗਰ ਇਲਾਕੇ ਵਿੱਚ ਢਿੱਗਾਂ ਨਾਲ ਇੱਕ ਘਰ ਡਿੱਗ ਜਾਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਜਿਸ ਕਾਰਨ ਸੂਬੇ ਵਿੱਚ ਹੜ੍ਹਾਂ ਤੇ ਢਿੱਗਾਂ ਡਿੱਗਣ ਕਾਰਨ ਮੌਤਾਂ ਦੀ ਗਿਣਤੀ ਵਧ ਕੇ 44 ਹੋ ਗਈ ਹੈ। ਮਾਰੇ ਗਏ ਬੱਚਿਆਂ ਦੀ ਪਛਾਣ 11 ਸਾਲਾ ਹੁਸੈਲ ਅਲੀ ਤੇ 8 ਸਾਲਾ ਅਸਮਾ ਖਾਤੂਨ ਵਜੋਂ ਹੋਈ ਹੈ। ਗੁਹਾਟੀ ਵਿੱਚ ਨੂਨਮਤੀ ਇਲਾਕੇ ਵਿੱਚ ਦਿਨ ਸਮੇਂ ਵੱਖ-ਵੱਖ ਥਾਈਂ ਢਿੱਗਾਂ ਡਿੱਗਣ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਖੜਗੁਲੀ ਇਲਾਕੇ ਦੇ ਜੁਆਏਪੁਰ, ਬੋਂਦਾ ਕਲੋਨੀ, ਸਾਊਥ ਸਰਨੀਆ, ਗੀਤਾਨਗਰ ਵਿੱਚ ਅਮਾਇਆਪੁਰ ਸਮੇਤ ਕਈ ਇਲਾਕਿਆਂ ਤੇ 12 ਮਿਲੇ ਵਿੱਚ ਮਲਬੇ ਕਾਰਨ ਸੜਕਾਂ ਬੰਦ ਹੋ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨਿਜ਼ਾਰਾਪਰ ਨੂੰ ਜਾ ਰਹੀ ਸੜਕ ਨੂੰ ਸਾਫ਼ ਕਰਨ ਦਾ ਕੰਮ ਜਾਰੀ ਹੈ। ਮੀਂਹ ਕਾਰਨ ਇੱਥੇ ਰਾਜ ਭਵਨ ਨੇੜੇ ਸਥਿਤ ਬਿਜਲੀ ਦੇ ਦੋ ਖੰਭਿਆਂ ਨੂੰ ਵੀ ਨੁਕਸਾਨ ਪੁੱਜਾ ਹੈ। ਕੇਂਦਰ ਸਰਕਾਰ ਨੇ ਅਸਾਮ ਤੇ ਮੇਘਾਲਿਆ ਸੂਬਿਆਂ ਲਈ ਭਲਕੇ ਸ਼ੁੱਕਰਵਾਰ ਤੇ ਸ਼ਨਿਚਰਵਾਰ ਲਈ ‘ਸੰਤਰੀ ਅਲਰਟ’ ਜਾਰੀ ਕੀਤਾ ਹੈ। -ਪੀਟੀਆਈ
ਉੜੀਸਾ ਵਿੱਚ ਪੁੱਜਿਆ ਦੱਖਣ-ਪੱਛਮੀ ਮੌਨਸੂਨ
ਭੁਬਨੇਸ਼ਵਰ: ਮੌਸਮ ਵਿਭਾਗ ਨੇ ਦੱਸਿਆ ਕਿ ਅੱਜ ਉੜੀਸਾ ਦੇ ਦੱਖਣੀ ਹਿੱਸਿਆਂ ਵਿੱਚ ਦੱਖਣ-ਪੱਛਮੀ ਮੌਨਸੂਨ ਪੁੱਜ ਗਿਆ ਹੈ। ਭਾਵੇਂ ਮੌਨਸੂਨ ਆਮ ਤੌਰ ’ਤੇ 10 ਤੋਂ 12 ਜੂਨ ਵਿਚਾਲੇ ਉੜੀਸਾ ਪੁੱਜਦਾ ਹੈ, ਪਰ ਐਤਕੀ ਇਹ ਚਾਰ ਦਿਨ ਦੇਰੀ ਨਾਲ ਪੁੱਜਾ ਹੈ। ਵਿਭਾਗ ਨੇ ਦੱਸਿਆ, ‘ਦੱਖਣ ਪੱਛਮੀ ਮੌਨਸੂਨ ਮਲਕਾਨਗਿਰੀ, ਕੋਰਾਪਟ ਤੇ ਨਵਾਰੰਗਪੁਰ ਜ਼ਿਲ੍ਹਿਆਂ ਤੇ ਨੁਆਪੁੜਾ, ਕਾਲਾਹਾਂਡੀ ਤੇ ਰਾਇਆਗੜ੍ਹ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਪੁੱਜ ਚੁੱਕਾ ਹੈ। ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਦੱਖਣ-ਪੱਛਮੀ ਮਾਨਸੂਨ ਅਗਲੇ 48 ਘੰਟਿਆਂ ਵਿੱਚ ਝਾਰਖੰਡ ਪੁੱਜਣ ਦੀ ਆਸ ਹੈ। -ਪੀਟੀਆਈ