ਮੁੰਬਈ, 23 ਸਤੰਬਰ
ਮੁੰਬਈ ਵਿੱਚ ਸਾਰੀ ਰਾਤ ਪਏ ਭਾਰੀ ਮੀਂਹ ਕਾਰਨ ਇਸ ਮਾਇਆ ਨਗਰੀ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਰੇਲ ਤੇ ਸੜਕੀ ਆਵਾਜਾਈ ਠੱਪ ਹੋ ਗਈ। ਭਾਰਤੀ ਮੌਸਮ ਵਿਭਾਗ ਅਨੁਸਾਰ ਸਾਂਤਾਕਰੂਜ਼ ਵਿੱਚ ਅੱਜ ਸਵੇਰੇ 8.30 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ 286.4 ਐੱਮਐੱਮ ਮੀਂਹ ਰਿਕਾਰਡ ਕੀਤਾ ਗਿਆ, ਜੋ ਵਿੱਤੀ ਰਾਜਧਾਨੀ ਵਿੱਚ 1974 ਮਗਰੋਂ ਚੌਥਾ ਸਭ ਤੋਂ ਵੱਧ ਮੀਂਹ ਹੈ। ਕੇਂਦਰੀ ਮੁੰਬਈ ਵਿੱਚ ਨਾਇਰ ਹਸਪਤਾਲ ਵਿੱਚ ਓਪੀਡੀ ਸੇਵਾਵਾਂ ਆਰਜ਼ੀ ਤੌਰ ’ਤੇ ਬੰਦ ਕਰ ਦਿੱਤੀਆਂ ਗਈਆਂ। ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਇੱਥੇ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਜਾਰੀ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਆਗਰੀਪਾੜਾ ਇਲਾਕੇ ਵਿੱਚ ਇੱਕ ਅੰਡਰਗਰਾਊਂਡ ਇਮਾਰਤ ਦੀ ਲਿਫਟ ਵਿੱਚ ਪਾਣੀ ਭਰਨ ਕਾਰਨ ਦੋ ਚੌਕੀਦਾਰਾਂ ਦੀ ਮੌਤ ਹੋ ਗਈ। ਗੋਰੇਗਾਓਂ, ਮਲਾਡ ਅਤੇ ਦਹੀਸਰ ਵਰਗੇ ਕਈ ਉਪਨਗਰਾਂ ਵਿੱਚ ਵੀ ਪਾਣੀ ਭਰ ਗਿਆ ਹੈ।
ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਸੜਕਾਂ ’ਤੇ ਪਾਣੀ ਭਰਿਆ ਹੋਣ ਕਾਰਨ ਮੁੰਬਈ ਦੀਆਂ ਬੱਸ ਸਵੇਾਵਾਂ ਵੀ ਪ੍ਰਭਾਵਤ ਹੋਈਆਂ। ਮੌਸਮ ਵਿਭਾਗ ਦੇ ਡਿਪਟੀ ਡਾਇਰੈਕਟਰ ਕੇਐੱਸ ਹੋਸਾਲਿਕਰ ਨੇ ਦੱਸਿਆ ਕਿ ਸਾਂਤਾਕਰੂਜ਼ ਵਿੱਚ ਸਵੇਰੇ 8.30 ਵਜੇ ਤੱਕ 286.4 ਮਿਲੀਮੀਟਰ ਮੀਂਹ ਪਿਆ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਹੋਰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ