ਈਟਾਨਗਰ, 29 ਜੂਨ
ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਅਰੁਣਾਚਲ ਪ੍ਰਦੇਸ਼ ਵਿੱਚ ਅੱਜ ਹਾਲਾਤ ਹੋਰ ਵਿਗੜ ਗਏ। ਕਈ ਥਾਵਾਂ ’ਤੇ ਜ਼ਮੀਨ ਖਿਸਕ ਗਈ ਤੇ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਸ ਦੌਰਾਨ ਕਈ ਇਲਾਕਿਆਂ ਦਾ ਸੰਪਰਕ ਟੁੱਟਣ ਕਾਰਨ ਜਨਜੀਵਨ ਵੀ ਪ੍ਰਭਾਵਿਤ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਢਿੱਗਾਂ ਡਿੱਗਣ ਕਾਰਨ ਦੋ ਹੋਰ ਮੌਤਾਂ ਹੋਈਆਂ ਜਦਕਿ ਦੋ ਹੋਰ ਲਾਪਤਾ ਵਿਅਕਤੀਆਂ ਦੀ ਭਾਲ ਲਈ ਮੁਹਿੰਮ ਚਲਾਈ ਜਾ ਰਹੀ ਹੈ। ਕੁਦਰਤੀ ਆਫਤ ਕਾਰਨ ਸੂਬੇ ਵਿੱਚ ਕਈ ਇਲਾਕਿਆਂ ਦਾ ਸੰਪਰਕ ਟੁੱਟ ਗਿਆ ਹੈ। ਪੂਰਬੀ ਸਿਆਂਗ ਜ਼ਿਲ੍ਹਿਆਂ ਵਿੱਚ ਸਬਿੋ ਕੋਰੋਂਗ ਨਦੀ ਵਿੱਚ ਹੜ੍ਹ ਆਉਣ ਕਾਰਨ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਗੋਰਖਪੁਰ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਵਿੱਚ ਵੀ ਅੱਜ ਸਾਰਾ ਦਿਨ ਮੀਂਹ ਪੈਂਦਾ ਰਿਹਾ। ਮੌਸਮ ਵਿਭਾਗ ਅਨੁਸਾਰ ਦਿਨ ਦਾ ਤਾਪਮਾਨ ਅੱਜ 32 ਡਿਗਰੀ ਸੈਲਸੀਅਸ ਤੋਂ ਘੱਟ ਰਿਹਾ। -ਪੀਟੀਆਈ
ਅਸਾਮ ਵਿੱਚ ਭਾਰੀ ਮੀਂਹ ਕਾਰਨ 12 ਹੋਰ ਮੌਤਾਂ
ਗੁਹਾਟੀ: ਅਸਾਮ ਵਿੱਚ ਭਾਰੀ ਮੀਂਹ ਕਾਰਨ 12 ਹੋਰ ਵਿਅਕਤੀਆਂ ਦੀ ਮੌਤ ਹੋਣ ਕਰਕੇ ਹਾਲਾਤ ਹੋਰ ਖ਼ਰਾਬ ਹੋ ਗਏ ਹਨ। ਕੁਦਰਤੀ ਆਫਤ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧ ਕੇ 31.5 ਲੱਖ ਹੋ ਗਈ ਹੈ ਜਦਕਿ ਕਛਾਰ ਜ਼ਿਲ੍ਹੇ ਦਾ ਸਿਲਚਰ ਸ਼ਹਿਰ ਪਿਛਲੇ ਲਗਪਗ ਦਸ ਦਿਨਾਂ ਤੋਂ ਪਾਣੀ ਵਿੱਚ ਡੁੱਬਿਆ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਕੋਕਰਾਝਾਰ, ਚਿਰਾਂਗ ਅਤੇ ਬਕਸਾ ਜ਼ਿਲ੍ਹਿਆਂ ਵਿੱਚ ‘ਰੈੱਡ ਅਲਰਟ’ ਅਤੇ ਧੁਬਰੀ, ਬਾਰਪੇਟਾ, ਬੋਂਗਾਈਗਾਓਂ, ਉਦਲਗੁੜੀ, ਬਿਸਵਾਨਾਥ, ਲਖੀਮਪੁਰ, ਧੀਮਾਜੀ ਅਤੇ ਡਬਿਰੂਗੜ੍ਹ ਵਿੱਚ ‘ਓਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ। -ਪੀਟੀਆਈ
ਪੱਛਮੀ ਬੰਗਾਲ ਦੇ ਕਈ ਇਲਾਕਿਆਂ ਵਿੱਚ ਗੋਡੇ-ਗੋਡੇ ਪਾਣੀ ਭਰਿਆ
ਜਲਪਾਇਗੁੜੀ: ਜਲਪਾਇਗੁੜੀ ਜ਼ਿਲ੍ਹੇ ਦਾ ਵੱਡਾ ਹਿੱਸਾ ਲਗਾਤਾਰ ਪੈ ਰਹੇ ਮੀਂਹ ਕਾਰਨ ਪ੍ਰਭਾਵਿਤ ਹੋ ਰਿਹਾ ਹੈ। ਕਈ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿੱਚ ਗੋਡੇ-ਗੋਡੇ ਪਾਣੀ ਖੜ੍ਹਾ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਕੋਰੋਲਾ, ਤੀਸਤਾ, ਡਾਇਨਾ, ਜਲਢਾਕਾ ਤੇ ਮਾਨਸਾਈ ਨਦੀਆਂ ’ਚ ਪਾਣੀ ਤੇਜ਼ੀ ਨਾਲ ਵਹਿ ਰਿਹਾ ਹੈ। -ਪੀਟੀਆਈ