ਨਵੀਂ ਦਿੱਲੀ, 5 ਸਤੰਬਰ
ਭਾਰਤ ਦੇ ਦੱਖਣ, ਪੱਛਮ ਤੇ ਉੱਤਰੀ ਇਲਾਕਿਆਂ ਵਿੱਚ ਅਗਲੇ ਤਿੰਨ ਦਿਨ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਦਾ ਕਾਰਨ ਦੱਖਣ-ਪੱਛਮੀ ਮੌਨਸੂਨ ਦੇ ਮੁੜ ਸਰਗਰਮ ਹੋਣਾ ਦੱਸਿਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਇਹ ਪੇਸ਼ੀਨਗੋਈ ਕੀਤੀ। ਉਨ੍ਹਾਂ ਦੱਸਿਆ ਕਿ ਕਰਨਾਟਕ, ਤਮਿਲ ਨਾਡੂ ਅਤੇ ਕੇਰਲਾ ਵਿੱਚ ਅਗਲੇ ਤਿੰਨ ਦਿਨ ਭਾਰੀ ਤੋਂ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਇੰਜ ਹੀ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰੀ ਪੰਜਾਬ ਤੇ ਜੰਮੂ ਖਿੱਤੇ ਅਤੇ ਪੂਰਬੀ ਰਾਜਸਥਾਨ ਵਿੱਚ 7 ਤੋਂ 9 ਸਤੰਬਰ ਨੂੰ ਭਾਰੀ ਮੀਂਹ ਦੇ ਛਰਾਟੇ ਪੈਣਗੇ। ਮੌਸਮ ਵਿਭਾਗ ਨੇ ਕਿਹਾ ਕਿ ਅਗਸਤ ਦੇ ਮੁਕਾਬਲੇ ਸਤੰਬਰ ਵਿੱਚ ਜ਼ਿਆਦਾ ਮੀਂਹ ਪਵੇਗਾ। 31 ਅਗਸਤ ਤੱਕ 9 ਫੀਸਦ ਮੀਂਹ ਘੱਟ ਦਰਜ ਕੀਤਾ ਗਿਆ। ਪੰਜ ਸਤੰਬਰ ਤੱਕ ਵੀ ਮੀਂਹ ਦੀ ਕਮੀ ਨੌਂ ਫੀਸਦੀ ਹੀ ਰਹੀ। -ਪੀਟੀਆਈ