ਵਾਰਾਨਸੀ(ਯੂਪੀ)/ਨਵੀਂ ਦਿੱਲੀ, 18 ਮਈ
ਵਾਰਾਨਸੀ ਜ਼ਿਲ੍ਹੇ ਵਿੱਚ ਅੱਜ ਵਕੀਲਾਂ ਦੀ ਹੜਤਾਲ ਕਰਕੇ ਸਥਾਨਕ ਕੋਰਟ ਵਿੱਚ ਗਿਆਨਵਾਪੀ ਮਸਜਿਦ ਕੇਸ ਨੂੰ ਲੈ ਕੇ ਚੱਲ ਰਹੀ ਸੁਣਵਾਈ ਟਲ ਗਈ। ਇਸ ਦੌਰਾਨ ਜਮਾਇਤ ਉਲੇਮਾ-ਏ-ਹਿੰਦ ਨੇ ਲੋਕਾਂ, ਖਾਸ ਕਰਕੇ ਭਾਈਚਾਰੇ ਦੇ ਮੈਂਬਰਾ ਂ ਨੂੰ ਅਪੀਲ ਕੀਤੀ ਹੈ ਕਿ ਉਹ ਗਿਆਨਵਾਪੀ ਮਸਜਿਦ ਮੁੱਦੇ ’ਤੇ ਕਿਸੇ ਤਰ੍ਹਾਂ ਦੀ ਭੜਕਾਹਟ ਵਿੱਚ ਆ ਕੇ ਸੜਕਾਂ ’ਤੇ ਨਾ ਉਤਰਨ ਤੇ ਜਨਤਕ ਪ੍ਰਦਰਸ਼ਨਾਂ ਤੋਂ ਬਚਣ।
ਗਿਆਨਵਾਪੀ ਮਸਜਿਦ ਕੇਸ ਵਿੱਚ ਮੁਸਲਿਮ ਧਿਰ ਦੀ ਅਗਵਾਈ ਕਰ ਰਹੇ ਵਕੀਲ ਅਭੈ ਯਾਦਵ ਮੁਤਾਬਕ ਬਨਾਰਸ ਬਾਰ ਐਸੋਸੀਏਸ਼ਨ ਅਤੇ ਕੇਂਦਰੀ ਬਾਰ ਐਸੋਸੀਏਸ਼ਨ ਵਾਰਾਨਸੀ ਨੇ ਕੰਮ ਦੇ ਬਾਈਕਾਟ ਦਾ ਫੈਸਲਾ ਲਿਆ ਸੀ ਕਿਉਂਕਿ ਉਹ ਵਿਸ਼ੇਸ਼ ਸਕੱਤਰ ਵੱਲੋਂ ਵਕੀਲਾਂ ਖਿਲਾਫ਼ ਕੀਤੀਆਂ ਟਿੱਪਣੀਆਂ ਤੋਂ ਨਾਰਾਜ਼ ਹਨ। ਇਹੀ ਵਜ੍ਹਾ ਹੈ ਕਿ ਵਾਰਾਨਸੀ ਕੋਰਟ ਵਿੱਚ ਗਿਆਨਵਾਪੀ ਮਸਜਿਦ ਕੇਸ ’ਚ ਸੁਣਵਾਈ ਨਹੀਂ ਹੋ ਸਕੀ। ਉਂਜ ਯਾਦਵ ਨੇ ਕਿਹਾ ਕਿ ਮੁਸਲਿਮ ਧਿਰ ਨੇ ਜ਼ਿਲ੍ਹਾ ਸਿਵਲ ਜੱਜ ਰਵੀ ਕੁਮਾਰ ਦਿਵਾਕਰ ਅੱਗੇ ਅਰਜ਼ੀ ਦਾਖ਼ਲ ਕਰਕੇ ਹਿੰਦੂ ਧਿਰ ਵੱਲੋਂ ਦਾਇਰ ਪਟੀਸ਼ਨ ਖਿਲਾਫ਼ ਆਪਣੇ ਉਜ਼ਰ ਦਾਖ਼ਲ ਕਰਨ ਲਈ ਦੋ ਦਿਨ ਦਾ ਸਮਾਂ ਮੰਗਿਆ ਹੈ। ਉਧਰ ਹਿੰਦੂ ਧਿਰ ਦੀ ਨੁਮਾਇੰਦਗੀ ਕਰ ਰਹੇ ਵਕੀਲ ਮਦਨ ਮੋਹਨ ਯਾਦਵ ਨੇ ਕਿਹਾ ਕਿ ਉਨ੍ਹਾਂ ਬਾਰ ਨੂੰ ਅਪੀਲ ਕੀਤੀ ਸੀ ਕਿ ਸਬੰਧਤ ਵਕੀਲਾਂ ਨੂੰ ਅੱਜ ਕੇਸ ਦੀ ਸੁਣਵਾਈ ’ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਪੂਰੇ ਦੇਸ਼ ਦੀਆਂ ਨਜ਼ਰਾਂ ਗਿਆਨਵਾਪੀ ਮਸਜਿਦ ਕੇਸ ’ਤੇ ਲੱਗੀਆਂ ਹਨ, ਪਰ ਇਸ ਅਪੀਲ ਦਾ ਅਸਰ ਨਹੀਂ ਹੋਇਆ। -ਪੀਟੀਆਈ
‘ਸ਼ਿਵਲਿੰਗ’ ਨੂੰ ਫੁਹਾਰਾ ਦੱਸਣ ਵਾਲਿਆਂ ਨੂੰ ਭਾਰਤ ’ਚ ਰਹਿਣ ਦਾ ਕੋਈ ਅਧਿਕਾਰ ਨਹੀਂ
ਮੇਰਠ: ਉੱਤਰ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ ਦੀ ਉਪ ਚੇਅਰਪਰਸਨ ਸੁਸ਼ਮਾ ਸਿੰਘ ਨੇ ਕਿਹਾ ਕਿ ਗਿਆਨਵਾਪੀ ਮਸਜਿਦ ਵਿੱਚੋ ਮਿਲੇ ‘ਸ਼ਿਵਲਿੰਗ’ ਨੂੰ ਫੁਹਾਰਾ ਦੱਸਣ ਵਾਲਿਆਂ ਨੂੰ ਇਸ ਮੁਲਕ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਸਿੰਘ ਨੇ ਕਿਹਾ, ‘‘ਮੈਂ ਉਥੇ ਨਹੀਂ ਸੀ। ਸੋਸ਼ਲ ਮੀਡੀਆ ਤੇ ਟੀਵੀ ’ਤੇ ਜੋ ਕੁਝ ਵਿਖਾਇਆ ਜਾ ਰਿਹੈ ਅਤੇ ਜੋ ਕੁਝ ਸਾਡਾ ਇਤਿਹਾਸ ਦੱਸਦਾ ਹੈ, ਉਸ ਤੋਂ ਇਹੀ ਪਤਾ ਲੱਗਾ ਹੈ ਕਿ ਆਲੇ ਦੁਆਲੇ ਜਾਂ ਫਿਰ ਮਸਜਿਦ ਹੇਠ ਜਿੱਥੇ ਕਿਤੇ ਵੀ ਖੁਦਾਈ ਕੀਤੀ ਗਈ ਹੈ, ਉਥੇ ਸ਼ਿਵਲਿੰਗ ਤੇ ਨਾਗ ਦੇਵਤਾ ਹੀ ਨਿਕਲਦੇ ਆਏ ਹਨ।’’ -ਪੀਟੀਆਈ
ਜਾਮਾ ਮਸਜਿਦ ਦੀਆਂ ਪੌੜੀਆਂ ਹੇਠ ਮੂਰਤੀਆਂ ਦੱਬੇ ਹੋਣ ਦਾ ਦਾਅਵਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਹਿੰਦੂ ਮਹਾਸਭਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਕਿ ਮੁਗ਼ਲ ਸ਼ਾਸਕ ਵੱਲੋਂ ਜਾਮਾ ਮਸਜਿਦ ਦੀਆਂ ਪੌੜੀਆਂ ਹੇਠ ਦਫ਼ਨ ਕਰਵਾਈਆਂ ਗਈਆਂ ਮੂਰਤੀਆਂ ਬਾਹਰ ਕੱਢੀਆਂ ਜਾਣ, ਤਾਂ ਜੋ ਉਨ੍ਹਾਂ ਦੀ ਪੂਜਾ ਕੀਤੀ ਜਾ ਸਕੇ। ਹਿੰਦੂ ਸਭਾ ਨੇ ਪ੍ਰਧਾਨ ਸਵਾਮੀ ਚੱਕਰਪਾਣੀ ਮਹਾਰਾਜ ਨੇ ਦਾਅਵਾ ਕੀਤਾ ਕਿ ਜਾਮਾ ਮਸਜਿਦ ਦੀਆਂ ਪੌੜੀਆਂ ਹੇਠ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਦੱਬੀਆਂ ਹੋਈਆਂ ਹਨ। ਉਨ੍ਹਾਂ ਪੱਤਰ ਵਿੱਚ ਔਰੰਗਜ਼ੇਬ ਦੇ ਦਰਬਾਰੀ ਇਤਿਹਾਸਕਾਰ ਸ਼ਾਹੀ ਮੁਸ਼ਤਾਕ ਦੀ ਕਿਤਾਬ ਦਾ ਹਵਾਲਾ ਦਿੱਤਾ, ‘‘24 ਮਈ 1679 ਦਿਨ ਐਤਵਾਰ ਨੂੰ ਖ਼ਾਨਜਹਾਂ ਬਹਾਦਰ ਜਦ ਜੋਧਪੁਰ ਤੇ ਹੋਰ ਖੇਤਰ ਤੋਂ ਹਿੰਦੂ ਮੰਦਰ ਨੂੰ ਲੁੱਟ ਕੇ ਸੈਂਕੜੇ ਗੱਡੀਆਂ ਭਰ ਕੇ ਔਰੰਗਜ਼ੇਬ ਦੇ ਸਾਹਮਣੇ ਆਉਂਦਾ ਹੈ ਤਾਂ ਔਰੰਗਜ਼ੇਬ ਬਹੁਤ ਖੁਸ਼ ਹੁੰਦਾ ਹੈ। ਅਨੇਕ ਬਹੁਮੁੱਲੇ ਰਤਨਾਂ ਨੂੰ ਆਪਣੇ ਖ਼ਜ਼ਾਨੇ ਵਿੱਚ ਰੱਖਣ ਅਤੇ ਹਿੰਦੂ-ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਦਿੱਲੀ ਦੀ ਜਾਮਾ ਮਸਜਿਦ ਦੀਆਂ ਪੌੜੀਆਂ ਵਿੱਚ ਦੱਬਣ ਦਾ ਹੁਕਮ ਦਿੰਦਾ ਹੈ।’’ ਪੱਤਰ ਵਿੱਚ ਕਿਹਾ ਗਿਆ ਕਿ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਮੂਰਤੀਆਂ ਕਢਵਾਉਣ ਦਾ ਹੁਕਮ ਦਿੱਤਾ ਜਾਵੇ।