ਨਵੀਂ ਦਿੱਲੀ, 23 ਅਗਸਤ
ਜੇਐਨਯੂ ਦੇ ਵਿਦਿਆਰਥੀ ਸ਼ਰਜੀਲ ਇਮਾਮ ਜਿਸ ਨੂੰ ਸੀਏਏ ਤੇ ਐਨਆਰਸੀ ਖ਼ਿਲਾਫ਼ ਰੋਸ ਮੁਜ਼ਾਹਰਿਆਂ ਵਿਚ ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਅੱਜ ਅਦਾਲਤ ਵਿਚ ਕਿਹਾ ਕਿ ਉਸ ਦੇ ਭਾਸ਼ਣ ਹਿੰਸਾ ਭੜਕਾਉਣ ਵਾਲੇ ਨਹੀਂ ਸਨ ਤੇ ਉਸ ਉਤੇ ਦੇਸ਼ਧ੍ਰੋਹ ਥੋਪਿਆ ਨਹੀਂ ਜਾ ਸਕਦਾ। ਸੰਨ 2019 ਵਿਚ ਦੋ ਯੂਨੀਵਰਸਿਟੀਆਂ ਵਿਚ ਦਿੱਤੇ ਭਾਸ਼ਣਾਂ ਦੇ ਮਾਮਲੇ ਵਿਚ ਜ਼ਮਾਨਤ ਲੈਣ ਲਈ ਇਮਾਮ ਨੇ ਅਦਾਲਤ ਪਹੁੰਚ ਕੀਤੀ ਹੈ। ਇਨ੍ਹਾਂ ਭਾਸ਼ਣਾਂ ਵਿਚ ਉਸ ਨੇ ਕਥਿਤ ਤੌਰ ’ਤੇ ‘ਅਸਾਮ’ ਨੂੰ ਬਾਕੀ ਉੱਤਰ-ਪੂਰਬੀ ਭਾਰਤ ਨਾਲੋਂ ‘ਕੱਟਣ’ ਬਾਰੇ ਕਿਹਾ ਸੀ। ਉਸ ਨੂੰ ਯੂਏਪੀਏ ਤੇ ਦੇਸ਼ਧ੍ਰੋਹ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਣਵਾਈ ਦੌਰਾਨ ਸ਼ਰਜੀਲ ਦੇ ਵਕੀਲ ਤਨਵੀਰ ਅਹਿਮਦ ਮੀਰ ਨੇ ਕਿਹਾ ਕਿ ਉਸ ਦੇ ਭਾਸ਼ਣ ਦਾ ਕੋਈ ਵੀ ਹਿੱਸਾ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਸ਼ਹਿ ਨਹੀਂ ਦਿੰਦਾ। ਵਕੀਲ ਨੇ ਕਿਹਾ ‘ਜੇ ਸ਼ਰਜੀਲ ਇਮਾਮ ਕਹਿੰਦਾ ਹੈ ਕਿ ਸੀਏਏ-ਐਨਆਰਸੀ ਗ਼ੈਰਸੰਵਿਧਾਨਕ ਹੈ, ਤੇ ਸਰਕਾਰ ਨੂੰ ਬੇਨਤੀ ਕਰਦਾ ਹੈ ਕਿ ਉਹ ਮੁੜ ਸੋਚੇ ਤੇ ਜੇ ਅਜਿਹਾ ਨਹੀਂ ਹੁੰਦਾ ਤਾਂ ਉਹ ਕਹਿੰਦਾ ਹੈ ਕਿ ਅਸੀਂ ਸੜਕਾਂ ਉਤੇ ਰੋਸ ਪ੍ਰਗਟ ਕਰਾਂਗੇ, ਉਸ ਨੂੰ ਇਸ ਲਈ ਦੇਸ਼ਧ੍ਰੋਹ ਤਹਿਤ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।’ ਵਕੀਲ ਨੇ ਅੱਗੇ ਕਿਹਾ ਕਿ ਰੋਸ ਦਾ ਹੱਕ, ਜਾਮ ਲਾਉਣਾ ਤੇ ਹੋਰ ਗਤੀਵਿਧੀਆਂ ਰੋਕਣਾ ਦੇਸ਼ਧ੍ਰੋਹ ਨਹੀਂ ਹੈ। ਵਕੀਲ ਨੇ ਕਿਹਾ ਕਿ ਭਾਸ਼ਣ ਵਿਚ ਸ਼ਰਜੀਲ ਨੇ ਹਿੰਸਾ ਕਰਨ ਲਈ ਨਹੀਂ ਕਿਹਾ ਸੀ ਬਲਕਿ ਸੜਕ ਜਾਮ ਕਰਨ ਲਈ ਕਿਹਾ ਸੀ। -ਪੀਟੀਆਈ