ਕੋਲਕਾਤਾ: ਭਾਜਪਾ ਵਿਧਾਇਕ ਸ਼ੁਵੇਂਦੂ ਅਧਿਕਾਰੀ ਦੀ ਨੰਦੀਗ੍ਰਾਮ ਤੋਂ ਚੋਣ ਨੂੰ ਚੁਣੌਤੀ ਦੇਣ ਵਾਲੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਚੋਣ ਪਟੀਸ਼ਨ ’ਤੇ ਕਲਕੱਤਾ ਹਾਈ ਕੋਰਟ ਵੱਲੋਂ 24 ਜੂਨ ਨੂੰ ਸੁਣਵਾਈ ਕੀਤੀ ਜਾਵੇਗੀ। ਜਸਟਿਸ ਕੌਸ਼ਿਕ ਚੰਦਾ ਨੇ ਕੇਸ ਦੀ ਸੁਣਵਾਈ ਕਰਦਿਆਂ ਕਿਹਾ ਕਿ ਪਹਿਲੇ ਦਿਨ ਮਮਤਾ ਬੈਨਰਜੀ ਦੇ ਅਦਾਲਤ ’ਚ ਹਾਜ਼ਰ ਰਹਿਣ ਦੀ ਲੋੜ ਹੈ ਕਿਉਂਕਿ ਇਹ ਚੋਣ ਪਟੀਸ਼ਨ ਹੈ। ਮਮਤਾ ਬੈਨਰਜੀ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੀ ਮੁਵੱਕਿਲ ਕਾਨੂੰਨ ਮੁਤਾਬਕ ਚੱਲੇਗੀ। ਜਸਟਿਸ ਚੰਦਾ ਨੇ ਕੇਸ ਦੀ ਸੁਣਵਾਈ 24 ਜੂਨ ਲਈ ਮੁਲਤਵੀ ਕਰਦਿਆਂ ਹਾਈ ਕੋਰਟ ਦੇ ਰਜਿਸਟਰਾਰ ਨੂੰ ਨਿਰਦੇਸ਼ ਦਿੱਤੇ ਕਿ ਉਹ ਇਹ ਰਿਪੋਰਟ ਦਾਖ਼ਲ ਕਰੇ ਕਿ ਕੀ ਪਟੀਸ਼ਨ ਜਨ ਪ੍ਰਤੀਨਿਧ ਐਕਟ, 1951 ਦੇ ਅਨੁਰੂਪ ਹੀ ਦਾਖ਼ਲ ਕੀਤੀ ਗਈ ਹੈ ਜਾਂ ਨਹੀਂ। ਇਸ ਦੌਰਾਨ ਮਮਤਾ ਬੈਨਰਜੀ ਦੇ ਵਕੀਲ ਨੇ ਕਲਕੱਤਾ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਦੇ ਸਕੱਤਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਅਰਜ਼ੀ ਕਿਸੇ ਹੋਰ ਬੈਂਚ ਹਵਾਲੇ ਕੀਤੀ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਮਮਤਾ ਬੈਨਰਜੀ ਨੂੰ ਦੱਸਿਆ ਗਿਆ ਹੈ ਕਿ ਜਸਟਿਸ ਕੌਸ਼ਿਕ ਚੰਦਾ, ਜੋ ਅਰਜ਼ੀ ’ਤੇ ਸੁਣਵਾਈ ਕਰ ਰਹੇ ਹਨ, ਭਾਜਪਾ ਦੇ ਸਰਗਰਮ ਮੈਂਬਰ ਹਨ ਜਿਸ ਕਾਰਨ ਚੋਣ ਪਟੀਸ਼ਨ ਦੇ ਫ਼ੈਸਲੇ ਦੇ ਸਿਆਸੀ ਪ੍ਰਭਾਵ ਪੈ ਸਕਦੇ ਹਨ। -ਪੀਟੀਆਈ