ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਭਾਜਪਾ ਆਗੂ ਸੁਬਰਾਮਣੀਅਨ ਸਵਾਮੀ ਵੱਲੋਂ ਰਾਮ ਸੇਤੂ ਨੂੰ ਕੌਮੀ ਵਿਰਾਸਤੀ ਯਾਦਗਾਰ ਐਲਾਨੇ ਜਾਣ ਦੀ ਮੰਗ ਵਾਲੀ ਅਰਜ਼ੀ ’ਤੇ 9 ਮਾਰਚ ਨੂੰ ਸੁਣਵਾਈ ਕਰਨ ਦੀ ਸਹਿਮਤੀ ਦਿੱਤੀ ਹੈ। ਚੀਫ਼ ਜਸਟਿਸ ਐੱਨ ਵੀ ਰਾਮੰਨਾ ਅਤੇ ਜਸਟਿਸ ਏ ਐੱਸ ਬੋਪੰਨਾ ਤੇ ਹਿਮਾ ਕੋਹਲੀ ’ਤੇ ਆਧਾਰਿਤ ਬੈਂਚ ਨੂੰ ਸਵਾਮੀ ਨੇ ਦੱਸਿਆ ਕਿ ਉਨ੍ਹਾਂ ਦੀ ਅਰਜ਼ੀ ਪਿਛਲੇ ਕਈ ਮਹੀਨਿਆਂ ਤੋਂ ਸੁਣਵਾਈ ਲਈ ਨਹੀਂ ਆਈ ਹੈ ਅਤੇ ਇਸ ਨੂੰ ਸੂਚੀ ’ਚੋਂ ਹਟਾਇਆ ਵੀ ਨਹੀਂ ਗਿਆ ਹੈ। ਬੈਂਚ ਨੇ ਕਿਹਾ ਕਿ ਉਹ 9 ਮਾਰਚ ਨੂੰ ਇਸ ’ਤੇ ਸੁਣਵਾਈ ਕਰਨਗੇ। ਸਵਾਮੀ ਨੇ ਪਿਛਲੇ ਸਾਲ 8 ਅਪਰੈਲ ਨੂੰ ਵੀ ਆਪਣੀ ਅਰਜ਼ੀ ’ਤੇ ਫੌਰੀ ਸੁਣਵਾਈ ਦੀ ਅਪੀਲ ਕੀਤੀ ਸੀ। ਇਸ ਤੋਂ ਪਹਿਲਾਂ 23 ਜਨਵਰੀ, 2020 ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਸਵਾਮੀ ਦੀ ਅਰਜ਼ੀ ’ਤੇ ਤਿੰਨ ਮਹੀਨਿਆਂ ਮਗਰੋਂ ਵਿਚਾਰ ਕਰਨਗੇ। -ਪੀਟੀਆਈ