ਨਵੀਂ ਦਿੱਲੀ, 16 ਜੁਲਾਈ
ਸੁਪਰੀਮ ਕੋਰਟ ਵੱਲੋਂ ਕਰਨਾਟਕ ਦੇ ਵਧੀਕ ਡਾਇਰੈਕਟਰ ਜਨਰਲ ਪੁਲੀਸ ਸੀਮੰਤ ਕੁਮਾਰ ਸਿੰਘ ਤੇ ਆਈਏਐੱਸ ਅਧਿਕਾਰੀ ਜੇ ਮੰਜੂਨਾਥ ਦੀਆਂ ਅਰਜ਼ੀਆਂ ’ਤੇ ਸੁਣਵਾਈ 18 ਜੁਲਾਈ ਨੂੰ ਕੀਤੀ ਜਾਵੇਗੀ। ਇਨ੍ਹਾਂ ਅਰਜ਼ੀਆਂ ਰਾਹੀਂ ਰਿਸ਼ਵਤ ਮਾਮਲੇ ਦੀ ਸੁਣਵਾਈ ਦੌਰਾਨ ਹਾਈ ਕੋਰਟ ਦੇ ਜੱਜ ਐੱਚ.ਪੀ. ਸੰਦੇਸ਼ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਹਟਾਉਣ ਦੀ ਅਪੀਲ ਕੀਤੀ ਗਈ ਹੈ। ਚੀਫ਼ ਜਸਟਿਸ ਐੱਨ.ਵੀ. ਰਾਮੰਨਾ, ਜਸਟਿਸ ਕ੍ਰਿਸ਼ਨ ਮੁਰਾਰੀ ਅਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਵੱਲੋਂ ਸੋਮਵਾਰ ਨੂੰ ਇਨ੍ਹਾਂ ਅਰਜ਼ੀਆਂ ’ਤੇ ਸੁਣਵਾਈ ਕੀਤੀ ਜਾਵੇਗੀ। 12 ਜੁਲਾਈ ਨੂੰ ਸਿਖ਼ਰਲੀ ਅਦਾਲਤ ਨੇ ਹਾਈ ਕੋਰਟ ਦੇ ਜੱਜ ਨੂੰ ਮਾਮਲੇ ਦੀ ਸੁਣਵਾਈ ਤਿੰਨ ਦਿਨਾਂ ਲਈ ਅੱਗੇ ਪਾਉਣ ਦੇ ਨਿਰਦੇਸ਼ ਦਿੱਤੇ ਸਨ। ਜਸਟਿਸ ਸੰਦੇਸ਼ ਨੇ ਰਿਸ਼ਵਤ ਮਾਮਲੇ ਵਿੱਚ ਜ਼ਮਾਨਤ ਬਾਰੇ ਅਰਜ਼ੀ ’ਤੇ ਸੁਣਵਾਈ ਦੌਰਾਨ ਏਸੀਬੀ ਤੇ ਉਸ ਦੇ ਏਡੀਜੀਪੀ ਸੀਮੰਤ ਕੁਮਾਰ ਸਿੰਘ ਖ਼ਿਲਾਫ਼ ਕੁਝ ਟਿੱਪਣੀਆਂ ਕੀਤੀਆਂ ਸਨ। -ਪੀਟੀਆਈ