ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਵਿਵਾਦਤ ਨਾਗਰਿਕਤਾ ਸੋਧ ਐਕਟ (ਸੀਏਏ) ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਸਮੇਤ 220 ਜਨਹਿੱਤ ਪਟੀਸ਼ਨਾਂ ’ਤੇ ਸੋਮਵਾਰ ਨੂੰ ਸੁਣਵਾਈ ਕੀਤੀ ਜਾਵੇਗੀ। ਚੀਫ਼ ਜਸਟਿਸ ਯੂ ਯੂ ਲਲਿਤ ਦੀ ਅਗਵਾਈ ਹੇਠਲਾ ਬੈਂਚ ਸੀਏਏ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕਰੇਗਾ ਜਿਸ ਨੂੰ ਲਾਗੂ ਕਰਨ ’ਤੇ ਦੇਸ਼ ਭਰ ’ਚ ਪ੍ਰਦਰਸ਼ਨ ਹੋਏ ਸਨ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ ਕੇਸਾਂ ਦੀ ਸੂਚੀ ਮੁਤਾਬਕ ਚੀਫ਼ ਜਸਟਿਸ ਅਤੇ ਜਸਟਿਸ ਐੱਸ ਰਵਿੰਦਰ ਭੱਟ ’ਤੇ ਆਧਾਰਿਤ ਬੈਂਚ ਵੱਲੋਂ ਇੰਡੀਅਨ ਯੂਨੀਅਨ ਆਫ਼ ਮੁਸਲਿਮ ਲੀਗ ਸਮੇਤ ਹੋਰਾਂ ਵੱਲੋਂ ਦਾਖ਼ਲ ਪਟੀਸ਼ਨਾਂ ’ਤੇ ਸੁਣਵਾਈ ਕੀਤੀ ਜਾਵੇਗੀ। ਕਈ ਜਨਹਿੱਤ ਪਟੀਸ਼ਨਾਂ ਤਾਂ ਦੋ ਕੁ ਸਾਲਾਂ ਤੋਂ ਸਿਖਰਲੀ ਅਦਾਲਤ ’ਚ ਸੁਣਵਾਈ ਲਈ ਬਕਾਇਆ ਪਈਆਂ ਹਨ। -ਪੀਟੀਆਈ