ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਗੌਤਮ ਗੰਭੀਰ ਫਾਊਂਡੇਸ਼ਨ ਅਤੇ ‘ਆਪ’ ਦੇ ਦੋ ਆਗੂਆਂ ਵੱਲੋਂ ਕੋਵਿਡ-19 ਦਵਾਈਆਂ ਦੇ ਕਥਿਤ ਪਾਬੰਦੀਸ਼ੁਦਾ ਭੰਡਾਰਨ ਅਤੇ ਵੰਡਣ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਪੰਜ ਮਹੀਨਿਆਂ ਲਈ ਮੁਲਤਵੀ ਕਰ ਦਿੱਤੀ। ਮੈਟਰੋਪੋਲਿਟਨ ਮੈਜਿਸਟਰੇਟ ਪ੍ਰੀਤੂ ਰਾਜ ਮਾਮਲੇ ਦੀ ਸੁਣਵਾਈ 7 ਫਰਵਰੀ 2022 ਨੂੰ ਕਰਨਗੇ। ਡਰੱਗ ਕੰਟਰੋਲ ਵਿਭਾਗ ਨੇ ਗੌਤਮ ਗੰਭੀਰ ਫਾਊਂਡੇਸ਼ਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਆਪ ਵਿਧਾਇਕ ਪ੍ਰਵੀਨ ਕੁਮਾਰ ਅਤੇ ਇਮਰਾਨ ਹੁਸੈਨ ਦੇ ਖ਼ਿਲਾਫ਼ ਵੀ ਦੋ ਵੱਖ-ਵੱਖ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਜੱਜ ਨੇ ਇਨ੍ਹਾਂ ਸਾਰਿਆਂ ਨੂੰ ਸੰਮਨ ਜਾਰੀ ਕਰਕੇ 26 ਅਗਸਤ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਆਦੇਸ਼ ਜਾਰੀ ਕੀਤਾ ਸੀ। ਅਦਾਲਤ ਨੇ 26 ਜੁਲਾਈ ਦੇ ਆਪਣੇ ਆਦੇਸ਼ ਵਿੱਚ ਕਿਹਾ ਸੀ ਕਿ ‘ਆਪ’ ਨੇਤਾ ਹੁਸੈਨ ਅਤੇ ਕੁਮਾਰ ਕ੍ਰਮਵਾਰ 25 ਅਪਰੈਲ ਤੋਂ 5 ਮਈ ਅਤੇ 4 ਤੋਂ 19 ਮਈ ਤੱਕ ਮੈਡੀਕਲ ਆਕਸੀਜਨ ਦੇ ਭੰਡਾਰਨ ਅਤੇ ਵੰਡਣ ਵਿੱਚ ਸ਼ਾਮਲ ਸਨ। -ਪੀਟੀਆਈ