ਨਵੀਂ ਦਿੱਲੀ, 21 ਜੂਨ
ਹਾਰਵਰਡ ਗਲੋਬਲ ਸਿਹਤ ਸੰਸਥਾ ਦੇ ਨਿਰਦੇਸ਼ਕ ਡਾ. ਆਸ਼ੀਸ਼ ਝਾਅ ਨੇ ਭਾਰਤ ਵਿੱਚ ਕਰੋਨਾਵਾਇਰਸ ਦੇ ਮਾਮਲਿਆਂ ’ਚ ਇੱਕਦਮ ਵਾਧਾ ਹੋਣ ’ਤੇ ਚਿੰਤਾ ਜ਼ਾਹਿਰ ਕੀਤੀ ਹੈ ਤੇ ਕਿਹਾ ਹੈ ਕਿ ਭਾਰਤ ਦੇ ਬਿਹਾਰ ਤੇ ਉੱਤਰ ਪ੍ਰਦੇਸ਼ ਵਰਗੇ ਸੰਘਣੀ ਆਬਾਦੀ ਵਾਲੇ ਸੂਬੇ ਜਦੋਂ ਕੋਵਿਡ-19 ਤੋਂ ਪ੍ਰਭਾਵਿਤ ਹੋਣਗੇ ਤਾਂ ਦੇਸ਼ ’ਚ ਕਰੋਨਾ ਦੇ ਮਾਮਲਿਆਂ ਤੇ ਇਸ ਨਾਲ ਹੋਣ ਵਾਲੀਆਂ ਮੌਤਾਂ ’ਚ ਵੱਡਾ ਵਾਧਾ ਹੋਵੇਗਾ। ਡਾ. ਝਾਅ ਨੇ ਕਿਹਾ, ‘ਇਸ ਸਮੇਂ ਮੈਂ ਇਸ ਗੱਲ ਨੂੰ ਲੈ ਕੇ ਫਿਕਰਮੰਦ ਹਾਂ ਕਿ ਭਾਰਤ ਵਿੱਚ ਕਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਭਾਰਤ ਦੀ ਸੰਘਣੀ ਆਬਾਦੀ ਵੀ ਇਸ ਦਾ ਕਾਰਨ ਹੋ ਸਕਦੀ ਹੈ ਅਤੇ ਮੁੰਬਈ, ਦਿੱਲੀ ਤੇ ਚੇਨੱਈ ਵਰਗੇ ਵੱਡੇ ਮੈਟਰੋ ਸ਼ਹਿਰਾਂ ’ਚ ਇਸ ਮਹਾਮਾਰੀ ਦਾ ਪਸਾਰ ਤੇਜ਼ੀ ਨਾਲ ਹੋ ਰਿਹਾ ਹੈ।’ ਉਨ੍ਹਾਂ ਕਿਹਾ, ‘ਦੇਸ਼ ਦੇ ਸੰਘਣੀ ਆਬਾਦੀ ਵਾਲੇ ਸੂਬੇ ਜਿਵੇਂ ਬਿਹਾਰ ਤੇ ਉੱਤਰ ਪ੍ਰਦੇਸ਼ ਅਜੇ ਇਸ ਬਿਮਾਰੀ ਦੇ ਪ੍ਰਭਾਵ ਹੇਠ ਜ਼ਿਆਦਾ ਨਹੀਂ ਆਏ ਹਨ ਪਰ ਜੇਕਰ ਇਨ੍ਹਾਂ ਸੰਘਣੀ ਆਬਾਦੀ ਵਾਲੇ ਸੂਬਿਆਂ ’ਚ ਕੋਵਿਡ-19 ਦੀ ਮਾਰ ਵਧਦੀ ਹੈ ਦਾਂ ਦੇਸ਼ ’ਚ ਇਸ ਬਿਮਾਰੀ ਦੇ ਮਰੀਜ਼ਾਂ ਤੇ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ’ਚ ਵੱਡਾ ਵਾਧਾ ਹੋਵੇਗਾ ਅਤੇ ਇਸ ਲਈ ਸਾਨੂੰ ਤਿਆਰ ਰਹਿਦਾ ਚਾਹੀਦਾ ਹੈ।’ -ਪੀਟੀਆਈ