ਮੁੰਬਈ, 21 ਅਕਤੂਬਰ
ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਖ਼ਿਲਾਫ਼ ਦਰਜ ਜਬਰੀ ਵਸੂਲੀ ਦੇ ਕੇਸ ਦੇ ਸਬੰਧ ਵਿਚ ਮੁੰਬਈ ਪੁਲੀਸ ਨੇ ਇਕ 42 ਸਾਲਾ ਹਵਾਲਾ ਅਪ੍ਰੇਟਰ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇਕ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਲਪੇਸ਼ ਪਟੇਲ ਵਜੋਂ ਹੋਈ ਹੈ। ਉਸ ਨੂੰ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਦੀ ਇਕ ਟੀਮ ਨੇ ਗੁਜਰਾਤ ਵਿਚ ਮਹਿਸਾਨਾ ਤੋਂ ਗ੍ਰਿਫ਼ਤਾਰ ਕੀਤਾ।
ਹਵਾਲਾ ਜਾਇਜ਼ ਬੈਂਕਿੰਗ ਚੈਨਲਾਂ ਤੋਂ ਹਟ ਕੇ ਨਾਜਾਇਜ਼ ਤੌਰ ’ਤੇ ਕੀਤੇ ਗਏ ਫੰਡਾਂ ਦੇ ਲੈਣ-ਦੇਣ ਨੂੰ ਕਿਹਾ ਜਾਂਦਾ ਹੈ। ਅਧਿਕਾਰੀ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਕਾਰੋਬਾਰੀ ਬਿਮਲ ਅਗਰਵਾਲ ਵੱਲੋਂ ਇੱਥੋਂ ਦੇ ਗੋਰੇਗਾਓਂ ਪੁਲੀਸ ਸਟੇਸ਼ਨ ਵਿਚ ਆਈਪੀਐੱਸ ਅਧਿਕਾਰੀ ਪਰਮਬੀਰ ਸਿੰਘ ਖ਼ਿਲਾਫ਼ ਦਰਜ ਕਰਵਾਏ ਗਏ ਜਬਰੀ ਵਸੂਲੀ ਦੇ ਕੇਸ ਦੀ ਜਾਂਚ ਦੌਰਾਨ ਪਟੇਲ ਦੀ ਭੂਮਿਕਾ ਸਾਹਮਣੇ ਆਈ। ਇਸ ’ਤੇ ਮੁੰਬਈ ਪੁਲੀਸ ਨੇ ਪਟੇਲ ਦੀ ਭਾਲ ਆਰੰਭੀ। ਇਕ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮੁੰਬਈ ਪੁਲੀਸ ਦੀ ਇਕ ਟੀਮ ਮਹਿਸਾਨਾ ਗਈ ਅਤੇ ਪਟੇਲ ਨੂੰ ਗ੍ਰਿਫ਼ਤਾਰ ਕਰ ਲਿਆ। -ਪੀਟੀਆਈ