ਲਖਨਊ, 21 ਨਵੰਬਰ
ਉੱਤਰ ਪ੍ਰਦੇਸ਼ ਦੇ ਹਾਥਰਸ ’ਚ ਦਲਿਤ ਲੜਕੀ ਨਾਲ ਕਥਿਤ ਸਮੂਹਿਕ ਜਬਰ ਜਨਾਹ ਅਤੇ ਕਤਲ ਮਾਮਲੇ ’ਚ ਪੀਪਲਜ਼ ਯੂਨੀਅਨ ਫਾਰ ਸਿਵਲ ਲਬਿਰਟੀਜ਼ (ਪੀਯੂਸੀਐੱਲ) ਨੇ ਅੱਜ ਆਪਣੀ ਜਾਂਚ ਰਿਪੋਰਟ ਜਨਤਕ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਆਪਣੇ ਘਰ ਅੰਦਰ ਹੀ ਨਜ਼ਰਬੰਦੀ ਹੰਢਾ ਰਿਹਾ ਹੈ ਅਤੇ ਇੱਕ ਵਾਰ ਉਸ ਤੋਂ ਸੀਆਰਪੀਐੱਫ ਦੀ ਸੁਰੱਖਿਆ ਵਾਪਸ ਲੈ ਲਈ ਗਈ ਤਾਂ ਪਰਿਵਾਰ ਦੀ ਜਾਨ ਨੂੰ ਖਤਰਾ ਖੜ੍ਹਾ ਹੋ ਜਾਵੇਗਾ। ਪੀਯੂਸੀਐੱਲ ਨੇ ਕਿਹਾ ਕਿ ਕੇਂਦਰੀ ਰਿਜ਼ਰਵ ਪੁਲੀਸ ਫੋਰਸ ਤਾਇਨਾਤ ਕੀਤੇ ਜਾਣ ਨਾਲ ਪੀੜਤ ਪਰਿਵਾਰ ਨੂੰ ਫੌਰੀ ਰਾਹਤ ਜ਼ਰੂਰ ਹੈ ਪਰ ਉਹ ਸੁਰੱਖਿਅਤ ਨਹੀਂ ਹੈ। ਪਰਿਵਾਰ ਖ਼ੌਫ਼ਜ਼ਦਾ ਹੈ ਕਿ ਸੀਆਰਪੀਐੱਫ ਦੇ ਨਾ ਰਹਿਣ ਨਾਲ ਕੀ ਹੋਵੇਗਾ। ਪੀਯੂਸੀਐੱਲ ਦੇ ਮੈਂਬਰਾਂ ਨੇ ਕਿਹਾ, ‘ਕੇਂਦਰੀ ਜਾਂਚ ਬਿਊਰੋ ਅਲਾਹਾਬਾਦ ਹਾਈ ਕੋਰਟ ਦੀ ਨਿਗਰਾਨੀ ਹੇਠ ਹਾਥਰਸ ਘਟਨਾ ਦੀ ਆਜ਼ਾਦਾਨਾ ਤੇ ਨਿਰਪੱਖ ਜਾਂਚ ਕਰ ਰਿਹਾ ਹੈ ਪਰ ਪੀੜਤ ਪਰਿਵਾਰ ਨੂੰ ਤਸੱਲੀ ਨਹੀਂ ਹੈ।’ -ਪੀਟੀਆਈ