ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਹਾਥਰਸ ਜਬਰ-ਜਨਾਹ ਪੀੜਤ ਦਲਿਤ ਮਹਿਲਾ ਦੀ ਮੌਤ ਲਈ ਯੋਗੀ ਆਦਿੱਤਿਅਨਾਥ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਅੱਜ ਕਿਹਾ ਕਿ ਮੁੱਖ ਮੰਤਰੀ ਤੇ ਉਨ੍ਹਾਂ ਦੀ ਪੁਲੀਸ ਦਾ ਇਹ ਕਹਿਣਾ ਹੈ ਕਿ ਕਿਸੇ ਨਾਲ ਬਲਾਤਕਾਰ ਨਹੀਂ ਹੋਇਆ ਕਿਉਂਕਿ ਉਨ੍ਹਾਂ ਤੇ ਕਈ ਹੋਰਨਾਂ ਭਾਰਤੀਆਂ ਲਈ ਪੀੜਤਾ ‘ਕੋਈ ਵੀ ਨਹੀਂ’ ਸੀ। ਸਾਬਕਾ ਕਾਂਗਰਸ ਪ੍ਰਧਾਨ ਨੇ ਇਕ ਟਵੀਟ ’ਚ ਕਿਹਾ ਕਿ ਸ਼ਰਮਨਾਕ ਸੱਚ ਇਹ ਹੈ ਕਿ ਕਈ ਭਾਰਤੀ ਅਜੇ ਵੀ ਦਲਿਤਾਂ, ਮੁਸਲਮਾਨਾਂ ਤੇ ਕਬਾਇਲੀਆਂ ਨੂੰ ਮਨੁੱਖ ਹੀ ਨਹੀਂ ਮੰਨਦੇ। ਰਾਹੁਲ ਨੇ ਟਵੀਟ ਕੀਤਾ, ‘ਮੁੱਖ ਮੰਤਰੀ ਤੇ ਉਨ੍ਹਾਂ ਦੀ ਪੁਲੀਸ ਆਖਦੀ ਹੈ ਕਿ ਕਿਸੇ ਨਾਲ ਬਲਾਤਕਾਰ ਨਹੀਂ ਹੋਇਆ ਕਿਉਂਕਿ ਉਨ੍ਹਾਂ ਲਈ, ਅਤੇ ਕਈ ਹੋਰਨਾਂ ਭਾਰਤੀਆਂ ਲਈ ਉਹ (ਜਬਰ-ਜਨਾਹ ਪੀੜਤਾ) ‘ਕੋਈ ਵੀ ਨਹੀਂ’ ਸੀ।’ ਕਾਂਗਰਸ ਆਗੂ ਨੇ ਟਵੀਟ ਨਾਲ ਉਹ ਮੀਡੀਆ ਰਿਪੋਰਟ ਵੀ ਟੈਗ ਕੀਤੀ, ਜਿਸ ਵਿੱਚ ਇਹ ਪੁੱਛਿਆ ਗਿਆ ਹੈ ਕਿ ਪੀੜਤ ਮਹਿਲਾ ਵੱਲੋਂ ਵਾਰ ਵਾਰ ਜਬਰ-ਜਨਾਹ ਹੋਣ ਦੀ ਗੱਲ ਆਖਣ ਦੇ ਬਾਵਜੂਦ ਪੁਲੀਸ ਜਬਰ-ਜਨਾਹ ਨਾ ਹੋਣ ਬਾਰੇ ਕਿਊਂ ਆਖ ਰਹੀ ਹੈ। ਚੇਤੇ ਰਹੇ ਕਿ ਮੁਕਾਮੀ ਪੁਲੀਸ ਵੱਲੋਂ ਜਬਰ-ਜਨਾਹ ਪੀੜਤਾ ਦਾ ਕਾਹਲੀ ਵਿੱਚ ਪਰਿਵਾਰ ਦੀ ਪ੍ਰਵਾਨਗੀ ਤੋਂ ਬਗੈਰ ਅੱਧੀ ਰਾਤ ਨੂੰ ਸਸਕਾਰ ਕੀਤੇ ਜਾਣ ਮਗਰੋਂ ਸੂਬੇ ਦੀ ਯੋਗੀ ਆਦਿੱਤਿਅਨਾਥ ਸਰਕਾਰ ਦੀ ਵੱਡੇ ਪੱਧਰ ’ਤੇ ਨੁਕਤਾਚੀਨੀ ਹੋ ਰਹੀ ਹੈ। ਹਾਲਾਂਕਿ ਸਰਕਾਰੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਸਸਕਾਰ ਸਬੰਧਤ ਪਰਿਵਾਰ ਦੀਆਂ ਇੱਛਾਵਾਂ ਮੁਤਾਬਕ ਹੀ ਕੀਤਾ ਗਿਆ ਹੈ। -ਪੀਟੀਆਈ