ਹਾਥਰਸ(ਯੂਪੀ), 5 ਅਕਤੂਬਰ
ਹਾਥਰਸ ਜਬਰ-ਜਨਾਹ ਪੀੜਤਾ ਦੇ ਪਰਿਵਾਰ ਨੇ ਆਪਣੀ ਧੀ ਦੀਆਂ ਅਸਥੀਆਂ ਨੂੰ ਜਲਪ੍ਰਵਾਹ ਕਰਨ ਤੋਂ ਨਾਂਹ ਕਰ ਦਿੱਤੀ ਹੈ। ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਇਹ ਪੱਕਾ ਨਹੀਂ ਹੁੁੰਦਾ ਕਿ ਅਸਥੀਆਂ ਉਨ੍ਹਾਂ ਦੀ ਧੀ ਦੀਆਂ ਹੀ ਹਨ, ਉਹ ਇਨ੍ਹਾਂ ਨੂੰ ਜਲ ਪ੍ਰਵਾਹ ਨਹੀਂ ਕਰਨਗੇ। ਪੀੜਤ ਦੇ ਭਰਾ ਨੇ ਕਿਹਾ, ‘ਸਾਨੂੰ ਨਹੀਂ ਪਤਾ ਕਿ ਉਹ ਸਾਡੀ ਭੈਣ ਸੀ। ਅਸੀਂ ਤਾਂ ਉਹਦਾ ਮੂੰਹ ਵੀ ਨਹੀਂ ਵੇਖ ਸਕੇ। ਮੈਂ ਤਾਂ ਮਨੁੱਖਤਾ ਕਰਕੇ ਇਹ ਅਸਥੀਆਂ ਇਕੱਠੀਆਂ ਕੀਤੀਆਂ ਸਨ।’ ਚੇਤੇ ਰਹੇ ਕਿ ਯੂਪੀ ਪੁਲੀਸ ਨੇ 30 ਸਤੰਬਰ ਦੀ ਅੱਧੀ ਰਾਤ ਨੂੰ ਤੜਕੇ ਤਿੰਨ ਵਜੇ ਦੇ ਕਰੀਬ ਪੀੜਤਾ ਦਾ ਕਾਹਲੀ ਵਿੱਚ ਸਸਕਾਰ ਕਰ ਦਿੱਤਾ ਸੀ। ਪੀੜਤਾ ਦੇ ਭਰਾ ਨੇ ਕਿਹਾ ਕਿ ਉਹ ਨਾਰਕੋ ਪੋਲੀਗ੍ਰਾਫ ਟੈਸਟ ਨਹੀਂ ਦੇਣਗੇ, ਕਿਉਂਕਿ ਉਹ ਝੂਠ ਨਹੀਂ ਬੋਲ ਰਹੇ। ਉਸ ਨੇ ਕਿਹਾ ਕਿ ‘ਸਿੱਟ’ ਨੂੰ ਇਹ ਟੈਸਟ ਮੁਲਜ਼ਮਾਂ ਤੇ ਉਨ੍ਹਾਂ ਪੁਲੀਸ ਵਾਲਿਆਂ ਦੇ ਕਰਵਾਉਣੇ ਚਾਹੀਦੇ ਹਨ, ਜੋ ਝੂਠ ਬੋਲ ਰਹੇ ਹਨ।
ਪੀੜਤ ਪਰਿਵਾਰ ਦੀ ਸੁਰੱਖਿਆ ਵਧਾਈ
ਯੂਪੀ ਪੁਲੀਸ ਨੇ ਹਾਥਰਸ ਜਬਰ-ਜਨਾਹ ਪੀੜਤਾ ਦੇ ਪਰਿਵਾਰ ਦੀ ਸੁਰੱਖਿਆ ਵਧਾ ਦਿੱਤੀ ਹੈ। ਪੁਲੀਸ ਨੇ ਪੀੜਤਾ ਦੇ ਭਰਾ ਨੂੰ ਦੋ ਬੰਦੂਕਧਾਰੀ ਸੁਰੱਖਿਆ ਕਰਮੀ ਮੁਹੱਈਆ ਕਰਵਾਏ ਹਨ। ਪੁਲੀਸ ਮੁਤਾਬਕ 12 ਤੋਂ 15 ਪੁਲੀਸ ਕਰਮੀ 24 ਘੰਟੇ ਪਰਿਵਾਰ ਦੀ ਸੁਰੱਖਿਆ ਡਿਊਟੀ ’ਤੇ ਤਾਇਨਾਤ ਰਹਿਣਗੇ। -ਪੀਟੀਆਈ