ਨਵੀਂ ਦਿੱਲੀ, 18 ਅਪਰੈਲ
ਹਾਥਰਸ ਜਬਰ-ਜਨਾਹ ਕੇਸ ਦੀ ਪੀੜਤਾ ਦੀ ਸੋਸ਼ਲ ਮੀਡੀਆ ’ਤੇ ਗਲਤ ਫੋਟੋ ਅਪਲੋਡ ਕਰਨ ਵਾਲੇ ਬਾਰੇ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਈ ਕੋਰਟ ਨੇ ਇਸ ਮਾਮਲੇ ’ਚ ਕੇਂਦਰ, ਫੇਸਬੁੱਕ, ਗੂਗਲ ਤੇ ਟਵਿੱਟਰ ਤੋਂ ਜਵਾਬ ਮੰਗਿਆ ਹੈ। ਫੋਟੋ ਅਪਲੋਡ ਕਰਨ ਵਾਲੇ ਦੀ ਸੰਪੂਰਨ ਜਾਣਕਾਰੀ ਅਦਾਲਤ ਨੂੰ ਦੇਣ ਲਈ ਕਿਹਾ ਗਿਆ ਹੈ। ਜਸਟਿਸ ਪ੍ਰਤਿਭਾ ਐਮ. ਸਿੰਘ ਨੇ ਭਾਰਤ ਦੇ ਇਲੈਕਟ੍ਰੌਨਿਕਸ ਤੇ ਸੂਚਨਾ ਤਕਨੀਕ ਮੰਤਰਾਲੇ ਨੂੰ ਇਸ ਮਾਮਲੇ ਵਿਚ ਧਿਰ ਬਣਾਇਆ ਹੈ। ਜਿਸ ਮਹਿਲਾ ਦੀ ਫੋਟੋ ਨੂੰ ਸੋਸ਼ਲ ਮੀਡੀਆ ’ਤੇ ਹਾਥਰਸ ਕੇਸ ਦੀ ਪੀੜਤਾ ਦੱਸਿਆ ਜਾ ਰਿਹਾ ਸੀ, ਉਸ ਦੇ ਪਤੀ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਇਸ ਮਹਿਲਾ ਦੀ ਮੌਤ ਹੋ ਚੁੱਕੀ ਹੈ। ਜਨਵਰੀ ਵਿਚ ਫੇਸਬੁੱਕ, ਗੂਗਲ ਤੇ ਟਵਿੱਟਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਨ੍ਹਾਂ ਗਲਤ ਫੋਟੋ ਵਾਲੇ ਸਾਰੇ ਲਿੰਕ ਹਟਾ/ਬਲੌਕ ਕਰ ਦਿੱਤੇ ਹਨ। ਹਾਲਾਂਕਿ ਆਖ਼ਰੀ ਸੁਣਵਾਈ ਦੌਰਾਨ ਫੇਸਬੁੱਕ ਤੇ ਗੂਗਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਸੀ ਕਿ ਉਹ ਅਦਾਲਤ ਜਾਂ ਸਰਕਾਰ ਦੇ ਹੁਕਮ ਬਗੈਰ ਆਪਣੇ ਆਪ ਅਜਿਹੀ ਸਰਚ ਜਾਂ ਲਿੰਕ ਨੂੰ ਨਹੀਂ ਹਟਾ ਸਕਦੇ। ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਸੀ ਕਿ ਇਕ ਪੀੜਤ ਤੋਂ ਇਹ ਆਸ ਨਹੀਂ ਰੱਖੀ ਜਾ ਸਕਦੀ ਕਿ ਉਹ ਪਲੈਟਫਾਰਮ ਨੂੰ ਲਿੰਕ ਹੀ ਦੱਸਦਾ ਰਹੇ ਜਦਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ। -ਪੀਟੀਆਈ