ਹਾਥਰਸ, 4 ਅਕਤੂਬਰ
ਹਾਥਰਸ ਜਬਰ ਜਨਾਹ ਤੇ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ (ਸਿੱਟ) ਨੇ ਅੱਜ ਮੁੜ ਬੁਲਗਾੜੀ ਪਿੰਡ ਜਾ ਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਇਹ ਦੂਜੀ ਵਾਰ ਹੈ ਜਦੋਂ ਸਿੱਟ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਗ੍ਰਹਿ ਸਕੱਤਰ ਭਗਵਾਨ ਸਵਰੂਪ ਦੀ ਅਗਵਾਈ ਹੇਠ ਬਣਾਈ ਗਈ ਸਿੱਟ ’ਚ ਦੋ ਆਈਪੀਐੱਸ ਰੈਂਕ ਦੇ ਅਫਸਰ ਸ਼ਾਮਲ ਹਨ। ਸਿੱਟ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੀਬੀਆਈ ਦੇ ਬਰਾਬਰ ਆਪਣੀ ਜਾਂਚ ਜਾਰੀ ਰੱਖੀ ਜਾਵੇਗੀ। ਸਿੱਟ ਨੇ ਸੱਤ ਦਿਨਾਂ ਅੰਦਰ ਆਪਣੀ ਰਿਪੋਰਟ ਸੌਂਪਣੀ ਸੀ ਤੇ ਚਾਰ ਦਿਨ ਪਹਿਲਾਂ ਹੀ ਬੀਤ ਚੁੱਕੇ ਹਨ। ਇਸੇ ਦੌਰਾਨ ਅੱਜ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਆਪਣੇ ਕਾਫਲੇ ਸਮੇਤ ਹਾਥਰਸ ਦੇ ਬੁਲਗਾੜੀ ਪਿੰਡ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਪਹੁੰਚੇ। ਆਜ਼ਾਦ ਸਮੇਤ ਸਿਰਫ਼ ਪੰਜ ਲੋਕਾਂ ਨੂੰ ਹੀ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਤੇ ਪੁਲੀਸ ਨੇ ਉਨ੍ਹਾਂ ਦੇ ਕਾਫ਼ਲੇ ਨੂੰ ਹਾਥਰਸ ਤੋਂ ਪਹਿਲਾਂ ਹੀ ਰੋਕ ਲਿਆ। ਆਜ਼ਾਦ ਅੱਗੇ ਪੈਦਲ ਹੀ ਪੀੜਤ ਪਰਿਵਾਰ ਨੂੰ ਮਿਲਣ ਲਈ ਗਏ। ਸਮਾਜਵਾਦੀ ਪਾਰਟੀ ਦਾ 11 ਮੈਂਬਰੀ ਵਫ਼ਦ ਵੀ ਅਕਸ਼ੈ ਯਾਦਵ ਅਤੇ ਸਾਬਕਾ ਸੰਸਦ ਮੈਂਬਰ ਤੇ ਸਪਾ ਦੇ ਸੂਬਾ ਮੁਖੀ ਨਰੇਸ਼ ਉੱਤਮ ਦੀ ਅਗਵਾਈ ਹੇਠ ਬੁਲਗਾੜੀ ਪਹੁੰਚ ਕੇ ਪੀੜਤ ਪਰਿਵਾਰ ਨੂੰ ਮਿਲਿਆ।
ਉੱਧਰ ਯੂਪੀ ਦੇ ਵਧੀਕ ਗ੍ਰਹਿ ਮੁੱਖ ਸਕੱਤਰ ਅਵਨਿਸ਼ ਅਵਸਥੀ ਤੇ ਏਡੀਜੀ ਪ੍ਰਸ਼ਾਂਤ ਕੁਮਾਰ ਨੇ ਅੱਜ ਬਲਰਾਮਪੁਰ ਜਬਰ-ਜਨਾਹ ਪੀੜਤਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇੱਥੇ 22 ਸਾਲਾ ਲੜਕੀ ਨੂੰ ਅਗਵਾ ਕਰਨ ਮਗਰੋਂ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ ਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ ਸੀ।
-ਆਈਏਐੱਨਐੱਸ