ਸ੍ਰੀਨਗਰ, 16 ਮਈ
ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਫਾਰੂਕ ਅਬਦੁੱਲ੍ਹਾ ਤੇ ਮਹਬਿੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਦੇਸ਼ ਅੰਦਰ ਬਣ ਰਿਹਾ ਨਫ਼ਰਤ ਦਾ ਮਾਹੌਲ ਵੱਖ ਵੱਖ ਭਾਈਚਾਰਿਆਂ ਵਿਚਾਲੇ ਪਾੜਾ ਲਗਾਤਾਰ ਡੂੰਘਾ ਕਰ ਰਿਹਾ ਹੈ ਅਤੇ ਅਜਿਹੇ ਰੁਝਾਨ ਨੂੰ ਠੱਲ੍ਹ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਅਬਦੁੱਲ੍ਹਾ ਨੇ ਕਿਹਾ ਕਿ ਜੇਕਰ ਭਾਈਚਾਰਿਆਂ ਵਿਚਾਲੇ ਪਾੜਾ ਪੂਰਨਾ ਹੈ ਤਾਂ ‘ਦਿ ਕਸ਼ਮੀਰ ਫਾਈਲਜ਼’ ਫਿਲਮ ਅਤੇ ਮੀਡੀਆ ’ਤੇ ਹਿੰਦੂ-ਮੁਸਲਿਮ ਮੁੱਦੇ ’ਤੇ ਬਹਿਸਾਂ ਵਰਗੀਆਂ ਨਫਰਤ ਫੈਲਾਉਣ ਵਾਲੀਆਂ ਮੁਹਿੰਮਾਂ ਰੋਕੀਆਂ ਜਾਣੀਆਂ ਚਾਹੀਦੀਆਂ ਹਨ। ਲੋਕ ਸਭਾ ਮੈਂਬਰ ਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਨੇ ਅਨੰਤਨਾਗ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਜੇਕਰ ਅਸੀਂ ਇੱਕ-ਦੂਜੇ ਦੇ ਨੇੜੇ ਆਉਣਾ ਹੈ ਤਾਂ ਇਸ ਨਫ਼ਰਤ ਨੂੰ ਹਟਾਉਣਾ ਪਵੇਗਾ। ਮੈਂ ਉਨ੍ਹਾਂ (ਲੈਫਟੀਨੈਂਟ ਗਵਰਨਰ) ਨਾਲ ਇਸ ਫਿਲਮ (ਦਿ ਕਸ਼ਮੀਰ ਫਾਈਲਜ਼) ਬਾਰੇ ਵੀ ਗੱਲ ਕੀਤੀ ਸੀ। ਮੈਂ ਉਨ੍ਹਾਂ ਨੂੰ ਸਵਾਲ ਕੀਤਾ ਸੀ ਕਿ ਕੀ ਉਹ ਇਸ ਨੂੰ ਸੱਚ ਮੰਨਦੇ ਹਨ ਕਿ ਇੱਕ ਮੁਸਲਮਾਨ, ਇੱਕ ਹਿੰਦੂ ਦਾ ਕਤਲ ਕਰੇਗਾ ਤੇ ਫਿਰ ਉਸ ਦਾ ਲਹੂ ਚੌਲਾਂ ’ਚ ਪਾ ਕੇ ਉਸ ਦੀ ਪਤਨੀ ਨੂੰ ਖਾਣ ਲਈ ਆਖੇਗਾ। ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਇੰਨੇ ਡਿੱਗ ਗਏ ਹਾਂ?’ ਉਨ੍ਹਾਂ ਕਿਹਾ, ‘ਦਿ ਕਸ਼ਮੀਰ ਫਾਈਲਜ਼ ਇੱਕ ਬੇਬੁਨਿਆਦ ਫਿਲਮ ਸੀ ਜਿਸ ਨੇ ਨਾ ਸਿਰਫ਼ ਸਾਰੇ ਦੇਸ਼ ਬਲਕਿ ਕਸ਼ਮੀਰ ’ਚ ਵੀ ਨਫਰਤ ਫੈਲਾਈ ਹੈ।’ ਉਨ੍ਹਾਂ ਕਿਹਾ, ‘ਸਾਡੇ ਨੌਜਵਾਨ ਇਸ ਗੱਲੋਂ ਗੁੱਸੇ ’ਚ ਹਨ ਕਿ ਫਿਲਮ ’ਚ ਮੁਸਲਮਾਨਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਅਜਿਹੀਆਂ ਚੀਜ਼ਾਂ ਰੁਕਣੀਆਂ ਚਾਹੀਦੀਆਂ ਹਨ। ਜੋ ਮੀਡੀਆ ਦੇਸ਼ ਅੰਦਰ ਨਫ਼ਰਤ ਫੈਲਾ ਰਿਹਾ ਹੈ, ਉਸ ’ਤੇ ਵੀ ਰੋਕ ਲੱਗਣੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਉਹ ਕੁਲਗਾਮ ਜਾਣਾ ਚਾਹੁੰਦੇ ਸਨ, ਜਿੱਥੇ ਰਾਜਪੂਤ ਦਾ ਕਤਲ ਕੀਤਾ ਗਿਆ। ਉਹ ਬਡਗਾਮ ’ਚ ਰਾਹੁਲ ਭੱਟ ਦੀ ਰਿਹਾਇਸ਼ ’ਤੇ ਵੀ ਜਾਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ।
ਪੀਡੀਪੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ, ਪੀਡੀਪੀ ਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਸ਼ਮੀਰੀ ਪੰਡਿਤਾਂ ਦੀ ਉਸ ਸਮੇਂ ਰਾਖੀ ਕੀਤੀ ਜਦੋਂ 2010 ਤੇ 2016 ਦੌਰਾਨ ਕਸ਼ਮੀਰ ’ਚ ਗੜਬੜੀ ਸਿਖਰ ’ਤੇ ਸੀ। ਉਨ੍ਹਾਂ ਕਿਹਾ, ‘2010 ਤੇ 2016 ਦੌਰਾਨ ਜਦੋਂ ਗੜਬੜੀ ਸਿਖਰ ’ਤੇ ਸੀ ਤਾਂ ਵੀ ਕੋਈ ਕਸ਼ਮੀਰੀ ਪੰਡਿਤ ਕਤਲ ਨਹੀਂ ਕੀਤਾ ਗਿਆ। ਪਰ ਹੁਣ ਤੇ ਖਾਸ ਕਰਕੇ ‘ਦਿ ਕਸ਼ਮੀਰ ਫਾਈਲਜ਼’ ਫਿਲਮ ਤੋਂ ਬਾਅਦ ਜੋ ਨਫਰਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਸਭ ਦੇ ਦਿਮਾਗਾਂ ’ਚ ਜ਼ਹਿਰ ਘੋਲ ਰਿਹਾ ਹੈ। ਮੁਜ਼ੱਫਰ ਸ਼ਾਹ ਨੇ ਐੱਲਜੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਟੀਵੀ ਚੈਨਲਾਂ ’ਤੇ ਚਾਰ ਘੰਟਿਆਂ ਲਈ ਜੋ ਹਿੰਦੂ-ਮੁਸਲਮਾਨ ਦੇ ਮੁੱਦੇ ’ਤੇ ਬਹਿਸ ਚੱਲਦੀ ਹੈ, ਇਹ ਅਜਿਹੇ ਮਾਹੌਲ ਵਿੱਚ ਬਲਦੀ ’ਤੇ ਤੇਲ ਦਾ ਕੰਮ ਕਰ ਰਹੀ ਹੈ। ਇਸ ਨਾਲ ਸਿੱਧੇ ਤੌਰ ’ਤੇ ਜੰਮੂ ਕਸ਼ਮੀਰ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ।’ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਸਰਵੇਖਣ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਸਾਰੀਆਂ ਮਸਜਿਦਾਂ ਦੀ ਸੂਚੀ ਦੇਣੀ ਚਾਹੀਦੀ ਹੈ, ਜਿਨ੍ਹਾਂ ’ਤੇ ਉਹ ਕਬਜ਼ਾ ਕਰਨਾ ਚਾਹੁੰਦੀ ਹੈ। -ਪੀਟੀਆਈ