ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਹਰਿਦੁਆਰ ’ਚ ‘ਧਰਮ ਸੰਸਦ’ ਦੌਰਾਨ ਨਫ਼ਰਤੀ ਭਾਸ਼ਨ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਦਾਖ਼ਲ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤੀ ਦੇ ਦਿੱਤੀ ਹੈ। ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠਲੇ ਬੈਂਚ ਨੇ ਸੀਨੀਅਰ ਵਕੀਲ ਕਪਿਲ ਸਿੱਬਲ ਵੱਲੋਂ ਦਾਖ਼ਲ ਅਰਜ਼ੀ ਦਾ ਨੋਟਿਸ ਲਿਆ ਜਿਸ ’ਚ ਕਿਹਾ ਗਿਆ ਸੀ ਕਿ ਐੱਫਆਈਆਰ ਦਰਜ ਕਰਨ ਦੇ ਬਾਵਜੂਦ ਨਫ਼ਰਤੀ ਭਾਸ਼ਨ ਦੇਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਸ੍ਰੀ ਸਿੱਬਲ ਨੇ ਕਿਹਾ,‘ਅਸੀਂ ਮੁਸ਼ਕਲ ਸਮੇਂ ’ਚ ਰਹਿ ਰਹੇ ਹਾਂ ਜਦੋਂ ਦੇਸ਼ ਦਾ ਨਾਅਰਾ ‘ਸਤਿਆਮੇਵ ਜਯਤੇ’ ਤੋਂ ਬਦਲ ਗਿਆ ਹੈ।’’ ਇਸੇ ਦੌਰਾਨ ਜਮਾਇਤ ਉਲੇਮਾ-ਏ-ਹਿੰਦ ਨੇ ਵੀ ਸੱਜਰੀ ਪਟੀਸ਼ਨ ਦਾਖ਼ਲ ਕਰਕੇ ‘ਧਰਮ ਸੰਸਦ’ ਜਿਹੇ ਪ੍ਰੋਗਰਾਮਾਂ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। -ਪੀਟੀਆਈ