ਜੰਮੂ (ਟ.ਨ.ਸ.): ਡੋਡਾ ਜ਼ਿਲ੍ਹੇ ਦੇ ਭੱਦਰਵਾਹ ਕਸਬੇ ਵਿੱਚ ਕੁਝ ਲੋਕਾਂ ਵੱਲੋਂ ਧਾਰਮਿਕ ਅਸਥਾਨ ਤੋਂ ਇਕ ਖਾਸ ਫਿਰਕੇ ਖਿਲਾਫ਼ ਕੀਤੀ ‘ਨਫ਼ਰਤੀ’ ਤਕਰੀਰ ਮਗਰੋਂ ਕਰਫਿਊ ਲਾ ਦਿੱਤਾ ਗਿਆ ਹੈ। ਇਹਤਿਆਤ ਵਜੋਂ ਫੌਜ ਸੱਦੀ ਗਈ ਤੇ ਫਲੈਗ ਮਾਰਚ ਕੀਤਾ ਗਿਆ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇੰਟਰਨੈੱਟ ਸੇੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਕੁਝ ਲੋਕਾਂ ਨੇ ਧਾਰਮਿਕ ਅਸਥਾਨ ਅੰਦਰ ਨਫ਼ਰਤੀ ਤਕਰੀਰ ਕੀਤੀ ਤੇ ਪੈਗੰਬਰ ਮੁਹੰਮਦ ਖਿਲਾਫ਼ ਵਿਵਾਦਿਤ ਟਿੱਪਣੀਆਂ ਕਰਨ ਵਾਲੀ ਭਾਜਪਾ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਨੂੰ ਧਮਕੀਆਂ ਦਿੱਤੀਆਂ। ਬੁਲਾਰਿਆਂ ਨੇ ਨੂਪੁਰ ਖਿਲਾਫ਼ ਮੰਦਾ ਬੋਲਦਿਆਂ ਇਕ ਖਾਸ ਫਿਰਕੇ ਖਿਲਾਫ਼ ਜ਼ਹਿਰ ਉਗਲਿਆ। ਇਸ ਘਟਨਾਕ੍ਰਮ ਦੀ ਵੀਡੀਓ ਮਗਰੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਦੀ ਸਮਾਜ ਦੇ ਸਾਰੇ ਵਰਗਾਂ ਨੇ ਨਿਖੇਧੀ ਕੀਤੀ। ਪੁਲੀਸ ਨੇ ਐੱਫਆਈਆਰ ਦਰਜ ਕਰ ਲਈ ਹੈ।