ਨਵੀਂ ਦਿੱਲੀ, 11 ਅਕਤੂਬਰ
ਭਾਜਪਾ ਸੰਸਦ ਮੈਂਬਰ ਪਰਵੇਸ਼ ਵਰਮਾ ਤੇ ਵਿਧਾਇਕ ਨੰਦ ਕਿਸ਼ੋਰ ਗੁੱਜਰ ਵੱਲੋਂ ਦਿੱਤੇ ਕਥਿਤ ਨਫ਼ਰਤੀ ਭਾਸ਼ਣਾਂ ਮਗਰੋਂ ਕਾਂਗਰਸ ਨੇ ਸੁਪਰੀਮ ਕੋਰਟ ਤੋਂ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਉਨ੍ਹਾਂ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦਾ ਨੋਟਿਸ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਜਾਣ। ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਉਤੇ ਚੁੱਪ ਕਿਉਂ ਹਨ। ਕਾਂਗਰਸ ਦੀ ਤਰਜਮਾਨ ਨੇ ਨਾਲ ਹੀ ਕਿਹਾ ਕਿ ਉਹ ਆਸ ਕਰਦੇ ਹਨ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਇਸ ਮੁੱਦੇ ’ਤੇ ਸ਼ਹਿਰ ਦੇ ਲੋਕਾਂ ਲਈ ਆਵਾਜ਼ ਬੁਲੰਦ ਕਰਨ ਦਾ ਹੌਸਲਾ ਕਰਨਗੇ। ਜ਼ਿਕਰਯੋਗ ਹੈ ਕਿ ਭੜਕਾਊ ਭਾਸ਼ਣਾਂ ਦੀਆਂ ਕਈ ਵੀਡੀਓਜ਼ ਵਾਇਰਲ ਹਨ ਜੋ ‘ਵਿਰਾਟ ਹਿੰਦੂ ਸਭਾ’ ਦੌਰਾਨ ਦਿੱਤੇ ਗਏ ਸਨ। ਦਿੱਲੀ ਵਿਚ ਐਤਵਾਰ ਹੋਏ ਇਸ ਸੰਮੇਲਨ ਦੇ ਮਾਮਲੇ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਹੋਰ ਪ੍ਰਬੰਧਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇਸ ਸੰਮੇਲਨ ਵਿਚ ਦੋ ਭਾਜਪਾ ਆਗੂਆਂ ਤੇ ਹੋਰਾਂ ਨੇ ਨਫ਼ਰਤੀ ਭਾਸ਼ਣ ਦਿੱਤੇ ਸਨ। ਇਹ ਸਮਾਗਮ ਬਿਨਾਂ ਇਜਾਜ਼ਤ ਤੋਂ ਕਰਾਉਣ ਬਾਰੇ ਵੀ ਕੇਸ ਦਰਜ ਕੀਤਾ ਗਿਆ ਹੈ। ਸੁਪ੍ਰਿਆ ਨੇ ਕਿਹਾ ਕਿ ‘ਪਰਵੇਸ਼ ਵਰਮਾ ਕੈਮਰੇ ’ਤੇ ਖੁੱਲ੍ਹੇਆਮ ਇਕ ਵਿਸ਼ੇਸ਼ ਭਾਈਚਾਰੇ ਦੇ ਬਾਈਕਾਟ ਦਾ ਸੱਦਾ ਦੇ ਰਿਹਾ ਹੈ। ਉਸ ਨੇ ਨਫ਼ਰਤ ਵੀ ਭੜਕਾਈ, ਇਸੇ ਤਰ੍ਹਾਂ ਗਾਜ਼ੀਆਬਾਦ (ਯੂਪੀ) ਦੇ ਭਾਜਪਾ ਵਿਧਾਇਕ ਗੁੱਜਰ ਨੇ ਕੀਤਾ।’ ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿਚ ਕੋਈ ਕਾਰਵਾਈ ਨਹੀਂ ਹੋਈ, ਪੁਲੀਸ ਕਿਸ ਗੱਲ ਦੀ ਉਡੀਕ ਕਰ ਰਹੀ ਹੈ, ਪ੍ਰਧਾਨ ਮੰਤਰੀ ਕਿਉਂ ਨਹੀਂ ਬੋਲ ਰਹੇ। ਅਦਾਲਤਾਂ ਨੇ ਅਜੇ ਤੱਕ ਮਾਮਲੇ ਦਾ ਨੋਟਿਸ ਕਿਉਂ ਨਹੀਂ ਲਿਆ, ਸ੍ਰੀਮਾਨ ਕੇਜਰੀਵਾਲ ਕੀ ਕਰ ਰਹੇ ਹਨ, ਤੇ ਜੇ ਇਹ ਦੋਗਲਾਪਨ ਨਹੀਂ ਹੈ ਤਾਂ ਕੀ ਹੈ।’ -ਪੀਟੀਆਈ