ਸ੍ਰੀਨਗਰ, 8 ਫਰਵਰੀ
ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਕਰਨਾਟਕ ਦੇ ਕਾਲਜਾਂ ਵਿੱਚ ਹਿਜਾਬ ਬਨਾਮ ਭਗਵਾ ਸ਼ਾਲ ਵਿਵਾਦ ਭਖਣ ਦੇ ਹਵਾਲੇ ਨਾਲ ਅੱਜ ਕਿਹਾ ਕਿ ਦੇਸ਼ ਵਿੱਚ ਮੁਸਲਮਾਨਾਂ ਖਿਲਾਫ਼ ਨਫ਼ਰਤ ਹੁਣ ‘ਆਮ’ ਗੱਲ ਹੋ ਗਈ ਹੈ ਤੇ ਭਾਰਤ ’ਚ ਹੁਣ ਧਾਰਮਿਕ ਇਕਸੁਰਤਾ ਨਜ਼ਰ ਨਹੀਂ ਆਉਂਦੀ। ਉਮਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਤੇ ਟਿੱਪਣੀ ਕਰ ਰਹੇ ਸਨ, ਜਿਸ ਵਿੱਚ ਕਰਨਾਟਕ ਦੇ ਇਕ ਕਾਲਜ ਵਿੱਚ ਕੁਝ ਵਿਅਕਤੀ ‘ਹਿਜਾਬ’ ਪਾਈ ਇਕ ਔਰਤ ’ਤੇ ਫਬਤੀਆਂ ਕਸਦਿਆਂ ਨਾਅਰੇ ਲਾ ਰਹੇ ਸਨ।
ਉਮਰ ਨੇ ਇਕ ਟਵੀਟ ਵਿੱਚ ਉੁਪਰੋਕਤ ਵੀਡੀਓ ਟੈਗ ਕਰਦਿਆਂ ਕਿਹਾ, ‘‘ਇਹ ਵਿਅਕਤੀ ਕਿੰਨੇ ਦਲੇਰ ਹਨ, ਉਹ ਇਕ ਇਕੱਲੀ ਮੁਟਿਆਰ ਨੂੰ ਨਿਸ਼ਾਨਾ ਬਣਾ ਕੇ ਕਿੰਨੀ ਮਰਦਾਨਗੀ ਮਹਿਸੂਸ ਕਰ ਰਹੇ ਹੋਣਗੇ! ਅੱਜ ਭਾਰਤ ਵਿੱਚ ਮੁਸਲਮਾਨਾਂ ਖਿਲਾਫ਼ ਨਫ਼ਰਤ ਮੁਕੰਮਲ ਰੂਪ ਵਿੱਚ ਮੁੱਖਧਾਰਾ ਦਾ ਹਿੱਸਾ ਹੋਣ ਦੇ ਨਾਲ ਆਮ ਗੱਲ ਹੈ। ਅੱਜ ਅਸੀਂ ਉਹ ਮੁਲਕ ਨਹੀਂ ਰਹੇ, ਜੋ ਧਾਰਮਿਕ ਇਕਸੁਰਤਾ ਦਾ ਜਸ਼ਨ ਮਨਾਉਂਦਾ ਨਹੀਂ ਥੱਕਦਾ ਸੀ, ਅਸੀਂ ਲੋਕਾਂ ਨੂੰ ਇਸ ਲਈ ਸਜ਼ਾ ਦੇਣਾ ਚਾਹੁੰਦੇ ਹਾਂ ਤੇ ਉਨ੍ਹਾਂ ਨੂੰ ਇਸ ਤੋਂ ਲਾਂਭੇ ਰੱਖਿਆ ਜਾ ਰਿਹੈ।’’ ਚੇਤੇ ਰਹੇ ਕਿ ਕਰਨਾਟਕ ਦੇ ਉਡੂਪੀ, ਸ਼ਿਵਾਮੋਗਾ, ਬਾਗਲਕੋਟ ਤੇ ਹੋਰਨਾਂ ਹਿੱਸਿਆਂ ਵਿੱਚ ‘ਹਿਜਾਬ’ ਮਸਲੇ ਨੂੰ ਲੈ ਕੇ ਸਿੱਖਿਆ ਸੰਸਥਾਵਾਂ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਪਿਛਲੇ ਮਹੀਨੇ ਉਡੂਪੀ ਦੇ ਸਰਕਾਰੀ ਕਾਲਜ ਵਿਚ ਪੜ੍ਹਦੀਆਂ ਛੇ ਵਿਦਿਆਰਥਣਾਂ ਨੂੰ ਕੈਂਪਸ ਵਿੱਚ ਹਿਜਾਬ ਪਾ ਕੇ ਆਉਣ ਤੋਂ ਰੋਕਣ ਨਾਲ ਇਹ ਮਸਲਾ ਸ਼ੁਰੂ ਹੋਇਆ ਸੀ ਤੇ ਮਗਰੋਂ ਇਹ ਰਾਜ ਦੇ ਹੋਰਨਾਂ ਹਿੱਸਿਆਂ ਵਿੱਚ ਫੈਲ ਗਿਆ। ਸੱਤਾਧਾਰੀ ਭਾਜਪਾ ਵੱਲੋਂ ਇਕਸਾਰ ਨੇਮ ਦੀ ਹਮਾਇਤ ਕੀਤੇ ਜਾਣ ਨਾਲ ਇਸ ਘਟਨਾ ਨੇ ਸਿਆਸੀ ਰੰਗਤ ਲੈ ਲਈ ਹੈ। -ਪੀਟੀਆਈ