ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਜਨਵਰੀ
ਦਿੱਲੀ ਦੇ ਧਰਨਿਆਂ ਵਿੱਚ ਪੰਜਾਬ ਤੋਂ ਔਰਤਾਂ ਦੀ ਭਰਵੀਂ ਹਾਜ਼ਰੀ ਮਗਰੋਂ ਹੁਣ ਹਰਿਆਣਵੀ ਔਰਤਾਂ ਨੇ ਮੋਰਚਿਆਂ ਵਿੱਚ ਸ਼ਮੂਲੀਅਤ ਸ਼ੁਰੂ ਕਰ ਦਿੱਤੀ ਹੈ। ਸਿੰਘੂ ਹੱਦ ’ਤੇ ਦਹੀਆ ਖਾਪ ਵਿਖੇ ਹਰਿਆਣਾ ਦੇ ਸੋਨੀਪਤ ਦੀਆਂ ਔਰਤਾਂ ਨੇ ਲੱਠ ਫੜ ਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਨਾ ਜਾਣ ਦੀ ਦ੍ਰਿੜਤਾ ਪ੍ਰਗਟਾਈ।
ਸੋਨੀਪਤ ਦੀ ਆਦਰਸ਼ ਮਹਿਲਾ ਜਨ ਕਲਿਆਣ ਸਮਿਤੀ ਦੀ ਪ੍ਰਧਾਨ ਅਤੇ ਭਾਰਤੀ ਕਿਸਾਨ ਯੂਨੀਅਨ ਦੀ ਪੰਚਾਇਤੀ ਰਾਜ ਮਹਿਲਾ ਜ਼ਿਲ੍ਹਾ ਸਕੱਤਰ ਰਮੇਸ਼ ਅੰਤਿਲ ਨੇ ਲੱਠ ਹੱਥਾਂ ਵਿੱਚ ਫੜ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਸਿਰਾਂ ’ਤੇ ਹਰਿਆਣਵੀ ਤਰੀਕੇ ਦੀਆਂ ਰਵਾਇਤੀ ਪੱਗਾਂ ਬੰਨ੍ਹ ਕੇ ਸਿੰਘੂ ਦੇ ਧਰਨੇ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਹਾਲਾਂਕਿ ਕਈ ਔਰਤਾਂ ਨੇ ਅਜੇ ਵੀ ਘੁੰਢ ਕੱਢੇ ਹੋਏ ਸਨ ਪਰ ਉਨ੍ਹਾਂ ਮਾਈਕ ’ਤੇ ਨਾਅਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਨੂੰ ਲਲਕਾਰਿਆ ਤੇ ਹਰਿਆਣਵੀ ਲੋਕ ਧਾਰਾ ਦੇ ਗੀਤਾਂ ਵਿੱਚ ਨਵੇਂ ਸ਼ਬਦ ਕਰਕੇ ਕੇਂਦਰ ਸਰਕਾਰ ਨੂੰ ਭੰਡਿਆ। ਪੁਰਸ਼ਾਂ ਨੇ ਵੀ ਲੰਬੀਆਂ ਲੱਠਾਂ ਲੈ ਕੇ ਦਹੀਆ ਖਾਪ ਤੋਂ ਨਾਅਰੇਬਾਜ਼ੀ ਕੀਤੀ।
ਕ੍ਰਾਂਤੀਕਾਰੀ ਪੇਂਡੂ ਮਜ਼਼ਦੂਰ ਯੂਨੀਅਨ ਵੀ ਪਹੁੰਚੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦਾ ਕਾਫਲਾ ਸਿੰਘੂ ਹੱਦ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਲੋਕ ਧਰਨੇ ਵਿੱਚ ਸ਼ਾਮਲ ਹੋਇਆ। ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਸੂਬਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਅੱਜ ਸਵੇਰੇ ਕੁੰਡਲੀ ਤੋਂ ਨਾਅਰੇਬਾਜ਼ੀ ਕਰਦਾ ਹੋਇਆ ਕਾਫਲਾ ਸਿੰਘੂ ਹੱਦ ਤੱਕ ਪਹੁੰਚਿਆ। ਸਟੇਜ ਤੋਂ ਲਖਵੀਰ ਸਿੰਘ ਲੌਂਗੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੀ ਬਰੂਹਾਂ ’ਤੇ ਲਗਾਤਾਰ ਚੱਲ ਰਹੇ ਲੋਕ ਘੋਲ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਸ਼ਾਮਲ ਹੈ। 21 ਜਨਵਰੀ ਨੂੰ ਸੰਗਰੂਰ, ਲਹਿਰਾਗਾਗਾ, ਦਿੜ੍ਹਬਾ, ਸੁਨਾਮ, ਭਵਾਨੀਗੜ੍ਹ, ਧੂਰੀ, ਭੀਖੀ (ਮਾਨਸਾ), ਮੋਗਾ ਆਦਿ ਤੋਂ ਕਾਫ਼ਲੇ ਪਹੁੰਚੇ। ਆਗੂਆਂ ਨੇ ਕਿਹਾ ਕਿ ਇਹ ਘੋਲ ਹਿੰਦੂਤਵੀ ਮੋਦੀ ਸਰਕਾਰ ਲਈ ਗਲੇ ਦੀ ਹੱਡੀ ਬਣ ਚੁੱਕਾ ਹੈ ਅਤੇ ਹਰ ਹਾਲ ਜਿੱਤ ਦੀ ਮੰਜ਼ਿਲ ਪਹੁੰਚੇਗਾ।