ਆਤਿਸ਼ ਗੁਪਤਾ
ਚੰਡੀਗੜ੍ਹ, 4 ਜਨਵਰੀ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਬਾਰਡਰ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਪੰਜਾਬ ਤੇ ਹਰਿਆਣਾ ਦੇ ਲੋਕਾਂ ਵੱਲੋਂ ਵਧ-ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਇਸ ਸੰਘਰਸ਼ ਵਿੱਚ ਪੰਜਾਬ ਦੇ ਮਰਦ, ਔਰਤਾਂ, ਮੁਟਿਆਰਾਂ, ਨੌਜਵਾਨਾਂ ਅਤੇ ਬਜ਼ੁਰਗਾਂ ਸਣੇ ਹਰ ਉਮਰ ਦੇ ਲੋਕ ਹਿੱਸਾ ਲੈ ਰਹੇ ਹਨ। ਉੱਧਰ, ਪੰਜਾਬੀਆਂ ਦੇ ਜੋਸ਼ ਨੂੰ ਦੇਖਦਿਆਂ ਹਰਿਆਣਾ ਦੀਆਂ ਔਰਤਾਂ ਵੀ ਕਿਸਾਨੀ ਦੇ ਇਸ ਘੋਲ ਵਿੱਚ ਬਰਾਬਰ ਦਾ ਯੋਗਦਾਨ ਪਾਉਣ ਲਈ ਅੱਗੇ ਆ ਗਈਆਂ ਹਨ। ਹੁਣ ਗੁਆਂਢੀ ਸੂਬੇ ਦੀਆਂ ਇਹ ਔਰਤਾਂ ਟਰੈਕਟਰ ਮਾਰਚ ਕਰਦੀਆਂ ਹੋਈਆਂ ਦਿੱਲੀ ਸੰਘਰਸ਼ ਵਿੱਚ ਹਿੱਸਾ ਲੈਣਗੀਆਂ।
ਕਿਸਾਨੀ ਘੋਲ ਵਿੱਚ ਟਰੈਕਟਰਾਂ ਰਾਹੀਂ ਹਿੱਸਾ ਲੈਣ ਲਈ ਹਰਿਆਣਾ ਦੀਆਂ ਔਰਤਾਂ ਵੀ ਟਰੈਕਟਰ ਚਲਾਉਣ ਦੀ ਸਿਖਲਾਈ ਲੈ ਰਹੀਆਂ ਹਨ। ਇਸ ਬਾਰੇ ਜੀਂਦ ਦੇ ਪਿੰਡ ਖਟਕੜ ਦੀ ਸਰੋਜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨੋਂ ਖੇਤੀ ਕਾਨੂੰਨ ਕਿਸਾਨੀ ਖ਼ਿਲਾਫ਼ ਹਨ। ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਦਿੱਲੀ ’ਚ ਚੱਲ ਰਹੇ ਸੰਘਰਸ਼ ਵਿੱਚ ਹਰਿਆਣਾ ਦੀਆਂ ਔਰਤਾਂ ਵੀ ਯੋਗਦਾਨ ਪਾਉਣਗੀਆਂ। ਸਰੋਜ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਹ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਹਰਿਆਣਾ ਦੀਆਂ ਔਰਤਾਂ ਵੀ ਕਿਸਾਨੀ ਦੇ ਇਸ ਸੰਘਰਸ਼ ਵਿੱਚ ਡਟੀਆਂ ਰਹਿਣਗੀਆਂ।
ਜੀਂਦ ਦੇ ਖਟਕੜ ਟੌਲ ਪਲਾਜ਼ਾ ’ਤੇ ਲੱਗੇ ਧਰਨੇ ਦੀ ਅਗਵਾਈ ਕਰ ਰਹੇ ਬਾਹੜਨ ਖਾਪ ਦੇ ਜਨਰਲ ਸਕੱਤਰ ਆਜ਼ਾਦ ਪਲਵਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨੋਂ ਖੇਤੀ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਹਨ ਜਿਨ੍ਹਾਂ ਦਾ ਹਰ ਤਬਕੇ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਂਝੇ ਕਿਸਾਨ ਮੋਰਚੇ ਦੇ ਸੱਦੇ ’ਤੇ 6 ਜਨਵਰੀ ਤੇ 26 ਜਨਵਰੀ ਨੂੰ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਵਿੱਚ ਹਰਿਆਣਾ ਦੀਆਂ ਔਰਤਾਂ ਵੀ ਟਰੈਕਟਰ ਚਲਾ ਕੇ ਹਿੱਸਾ ਲੈਣਗੀਆਂ। ਆਜ਼ਾਦ ਪਲਵਾ ਨੇ ਦੱਸਿਆ ਕਿ ਜੀਂਦ ਸਣੇ ਵੱਖ-ਵੱਖ ਸ਼ਹਿਰਾਂ ਵਿੱਚ ਔਰਤਾਂ ਟਰੈਕਟਰ ਚਲਾਉਣਾ ਸਿੱਖ ਰਹੀਆਂ ਹਨ।
ਉੱਧਰ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਵਿੱਚ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਵੱਡੇ ਕਾਫ਼ਲੇ ਨੇ ਹਰਿਆਣਾ ਵਿੱਚੋਂ ਟਰੈਕਟਰ ਮਾਰਚ ਕਰਦੇ ਹੋਏ ਦਿੱਲੀ ਵੱਲ ਕੂਚ ਕੀਤਾ। ਇਹ ਟਰੈਕਟਰ ਮਾਰਚ ਸ਼ਾਹਜਹਾਂਪੁਰ ਤੋਂ ਸ਼ੁਰੂ ਹੋ ਕੇ ਰਿਵਾੜੀ ਤੇ ਝੱਜਰ ਤੋਂ ਹੁੰਦਾ ਹੋਇਆ ਟਿਕਰੀ ਬਾਰਡਰ ’ਤੇ ਪਹੁੰਚੇਗਾ। ਰਿਵਾੜੀ ਵਿੱਚੋਂ ਲੰਘਣ ਵੇਲੇ ਲੋਕਾਂ ਨੇ ਇਸ ਟਰੈਕਟਰ ਮਾਰਚ ’ਤੇ ਫੁੱਲਾਂ ਦੀ ਵਰਖਾ ਕੀਤੀ।
ਭਾਜਪਾ ਤੇ ਜੇਜੇਪੀ ਦਾ ਵਿਰੋਧ ਵਧਣ ਲੱਗਾ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਠੰਢੀਆਂ ਰਾਤਾਂ ਵਿੱਚ ਕਿਸਾਨੀ ਸੰਘਰਸ਼ ਭਖਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਖ਼ਿਲਾਫ਼ ਲੋਕ ਮਨਾਂ ’ਚ ਰੋਹ ਵਧਣ ਲੱਗਾ ਹੈ। ਲੋਕਾਂ ਵੱਲੋਂ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਵਿੱਚ ਵੀ ਭਾਜਪਾ ਅਤੇ ਜੇਜੇਪੀ ਖ਼ਿਲਾਫ਼ ਪੋਸਟਰ ਲਗਾ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਅਤੇ ਜੇਜੇਪੀ ਦੇ ਸਮਾਗਮਾਂ ਦਾ ਵਿਰੋਧ ਕਰਦਿਆਂ ਸੂਬੇ ਭਰ ਵਿੱਚ ਧਰਨੇ ਦਿੱਤੇ ਜਾ ਰਹੇ ਹਨ।