ਆਤਿਸ਼ ਗੁਪਤਾ
ਚੰਡੀਗੜ੍ਹ, 2 ਨਵੰਬਰ
ਹਰਿਆਣਾ ਵਿੱਚ ਪੰਚਾਇਤੀ ਚੋਣਾਂ ਦੇ ਪਹਿਲੇ ਗੇੜ ਤਹਿਤ 9 ਜ਼ਿਲ੍ਹਿਆਂ ਦੇ 2607 ਸਰਪੰਚਾਂ ਤੇ 25,968 ਪੰਚਾਂ ਦੀ ਚੋਣ ਲਈ ਵੋਟਿੰਗ ਦਾ ਅਮਲ ਅੱਜ ਕਈ ਥਾਵਾਂ ’ਤੇ ਹਿੰਸਕ ਘਟਨਾਵਾਂ ਨਾਲ ਨੇਪਰੇ ਚੜ੍ਹ ਗਿਆ। ਜ਼ਿਲ੍ਹਾ ਨੂੰਹ ’ਚ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਪੋਲਿੰਗ ਸਟੇਸ਼ਨ ’ਤੇ ਪਥਰਾਅ ਤੇ ਗੋਲੀ ਚੱਲਣ ਦੀਆਂ ਵੀ ਰਿਪੋਰਟਾਂ ਹਨ। ਉਂਜ ਪਹਿਲੇ ਗੇੜ ’ਚ 81 ਫੀਸਦ ਪੋਲਿੰਗ ਹੋਈ। ਪੋਲਿੰਗ ਮਗਰੋਂ ਦੇਰ ਸ਼ਾਮ ਵੋਟਾਂ ਦੀ ਗਿਣਤੀ ਦਾ ਅਮਲ ਵੀ ਸ਼ੁਰੂ ਹੋ ਗਿਆ। ਜ਼ਿਲ੍ਹਾ ਨੂੰਹ ਦੇ ਪਿੰਡ ਚਾਂਦੜਾਕਾ ਵਿਖੇ ਪੋਲਿੰਗ ਸਟੇਸ਼ਨ ’ਤੇ ਪਥਰਾਅ ਹੋਇਆ। ਇਸ ਦੌਰਾਨ ਗੋਲੀ ਚੱਲਣ ਦੀ ਘਟਨਾ ਵੀ ਸਾਹਮਣੇ ਆਈ ਹੈ। ਇਸ ਹਿੰਸਕ ਚੜਪ ਦੌਰਾਨ ਇਕ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ। ਉਧਰ, ਜੀਂਦ ਦੇ 4 ਪਿੰਡਾਂ ਨੇ ਅੱਜ ਚੋਣਾਂ ਦਾ ਬਾਈਕਾਟ ਕੀਤਾ। ਇਨ੍ਹਾਂ ਵਿੱਚ ਪਿੰਡ ਚਾਬਰੀ, ਭਿੜਤਾਨਾ, ਰੋਜਖੇੜਾ ਅਤੇ ਫਰੈਣ ਖੁਰਦ ਸ਼ਾਮਲ ਹਨ।