ਚੰਡੀਗੜ੍ਹ, 22 ਅਗਸਤ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਇਥੋਂ ਦੇ ਪੀਜੀਆਈ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਉਨ੍ਹਾਂ ਦੇ ਸਰੀਰ ਦਾ ਆਕਸੀਜਨ ਪੱਧਰ ਕਾਫੀ ਘੱਟ ਹੈ। 68 ਵਰ੍ਹਿਆਂ ਦੇ ਸ੍ਰੀ ਵਿੱਜ ਖਰਾਬ ਤਬੀਅਤ ਕਾਰਨ ਹਰਿਆਣਾ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿੱਚ ਵੀ ਸ਼ਮੂਲੀਅਤ ਨਹੀਂ ਕਰ ਸਕੇ ਸਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਭਰਾ ਦਾ ਹਾਲ ਹੀ ਵਿੱਚ ਦੇਹਾਂਤ ਹੋਇਆ ਸੀ ਤਾਂ ਸ੍ਰੀ ਵਿੱਜ ਉਨ੍ਹਾਂ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਰੋਹਤਕ ਗਏ ਸਨ ਤੇ ਵਾਪਸੀ ਤੇ ਸ੍ਰੀ ਖੱਟਰ ਨਾਲ ਹੈਲੀਕਾਪਟਰ ’ਤੇ ਪਰਤੇ ਸਨ। ਹੈਲੀਕਾਪਟਰ ਦੀ ਉੱਚੀ ਉਡਾਨ ਕਾਰਨ ਉਨ੍ਹਾਂ ਦੇ ਸਰੀਰ ਦਾ ਆਕਸੀਜਨ ਪੱਧਰ ਘੱਟ ਗਿਆ ਸੀ। ਇਹ ਵੀ ਦੱਸਣਯੋਗ ਹੈ ਕਿ ਬੀਤੇ ਸਾਲ ਸ੍ਰੀ ਵਿੱਜ ਕਰੋਨਾ ਤੋਂ ਪੀੜਤ ਹੋ ਗਏ ਸਨ ਤੇ ਕਰੀਬ ਇਕ ਮਹੀਨਾ ਹਸਪਤਾਲ ਦਾਖਲ ਰਹੇ ਸਨ। -ਪੀਟੀਆਈ