ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬਾਲ ਵਿਆਹ ਨੂੰ ਪੂਰੀ ਤਰ੍ਹਾਂ ਰੋਕਣ ਵਾਲੇ ਹਰਿਆਣਾ ਦੇ ਕਾਨੂੰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਸ ਤਰ੍ਹਾਂ 15 ਤੋਂ 18 ਸਾਲ ਦੀ ਉਮਰ ਦੇ ਪੁਰਸ਼ ਤੇ ਲੜਕੀ ਵਿਚਾਲੇ ਵਿਆਹ ਸਬੰਧ ਪੂਰੀ ਤਰ੍ਹਾਂ ਗੈਰਕਾਨੂੰਨੀ ਮੰਨੇ ਜਾਣਗੇ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਇੱਕ ਹੁਕਮ ਤੋਂ ਬਾਅਦ ਬਾਲ ਵਿਆਹ ਰੋਕੂ (ਹਰਿਆਣਾ ਸੋਧ), ਬਿੱਲ, 2020 ਲਿਆਂਦਾ ਗਿਆ ਸੀ। ਗ੍ਰਹਿ ਮੰਤਰਾਲ ਦੇ ਇੱਕ ਅਧਿਕਾਰੀ ਨੇ ਕਿਹਾ, ‘ਬਾਲ ਵਿਆਹ ਰੋਕੂ (ਹਰਿਆਣਾ ਸੋਧ) ਬਿੱਲ, 2020 ਲਿਆਂਦਾ ਗਿਆ ਸੀ ਅਤੇ ਇਸ ਨੂੰ ਹੁਣ ਰਾਸ਼ਟਰਪਤੀ ਤੋਂ ਪ੍ਰਵਾਨਗੀ ਹਾਸਲ ਹੋ ਗਈ ਹੈ।’ ਇਸ ਤੋਂ ਬਾਅਦ ਰਾਜ ’ਚ ਬਾਲ ਵਿਆਹ ’ਤੇ ਹੁਣ ਪੂਰੀ ਤਰ੍ਹਾਂ ਰੋਕ ਹੋਵੇਗੀ ਅਤੇ ਨਾਬਾਲਗਾਂ ਦੇ ਵਿਆਹ ਨੂੰ ਉਨ੍ਹਾਂ ਦੇ ਬਾਲਗ ਹੋਣ ’ਤੇ ਵੀ ਅਦਾਲਤ ਤੋਂ ਮਾਨਤਾ ਨਹੀਂ ਮਿਲੇਗੀ। ਰਾਸ਼ਟਰਪਤੀ ਨੇ ਜਾਅਲੀ ਦਸਤਾਵੇਜ਼ਾਂ ਤੇ ਫਰਜ਼ੀ ਵਿਅਕਤੀਆਂ ਦੀ ਰਜਿਸਟਰੇਸ਼ਨ ਰੋਕਣ ਅਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਕੀਤੀ ਗਈ ਰਜਿਸਟਰੇਸ਼ਨ ਰੱਦ ਕਰਨ ਲਈ ਰਜਿਸਟਰੇਸ਼ਨ (ਤਾਮਿਲਨਾਡੂ ਸੋਧ) ਬਿੱਲ, 2021 ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਬਿੱਲ ਦੇ ਕਾਨੂੰਨ ’ਚ ਤਬਦੀਲ ਹੋਣ ਮਗਰੋਂ ਰਜਿਸਟਰਾਰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਪੁੱਛ ਸਕਦਾ ਹੈ ਕਿ ਰਜਿਸਟਰੇਸ਼ਨ ਰੱਦ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ ਤੇ ਜਵਾਬ ’ਤੇ ਵਿਚਾਰ ਕਰਨ ਮਗਰੋਂ ਰਜਿਸਟਰੇਸ਼ਨ ਰੱਦ ਕੀਤੀ ਜਾ ਸਕਦੀ ਹੈ। -ਪੀਟੀਆਈ