ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 3 ਨਵੰਬਰ
ਮੁੱਖ ਅੰਸ਼
- ਭਾਜਪਾ, ਕਾਂਗਰਸ, ‘ਆਪ’ ਤੇ ਇਨੈਲੋ ਵਿਚਾਲੇ ਮੁਕਾਬਲਾ
ਹਰਿਆਣਾ ਦੇ ਜ਼ਿਲ੍ਹਾ ਹਿਸਾਰ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਆਦਮਪੁਰ ਵਿਚ ਜ਼ਿਮਨੀ ਚੋਣਾਂ ਦਾ ਅਮਲ ਸ਼ਾਂਤਮਈ ਢੰਗ ਨਾਲ ਮੁਕੰਮਲ ਹੋ ਗਿਆ ਹੈ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ 75 ਫ਼ੀਸਦ ਵੋਟਰਾਂ ਨੇ ਆਪਣੇ ਵੋਟ ਹੱਕ ਦੀ ਵਰਤੋਂ ਕੀਤੀ। ਵੋਟਾਂ ਦੀ ਗਿਣਤੀ 6 ਨਵੰਬਰ ਨੂੰ ਕੀਤੀ ਜਾਵੇਗੀ, ਜਿਸ ਤੋਂ ਬਾਅਦ ਜੇਤੂ ਉਮੀਦਵਾਰ ਦਾ ਐਲਾਨ ਹੋਵੇਗਾ। ਆਦਮਪੁਰ ਜ਼ਿਮਨੀ ਚੋਣ ਵਿੱਚ ਹਰਿਆਣਾ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਨੇ ਚੌਧਰੀ ਭਜਨ ਲਾਲ ਦੇ ਪੋਤੇ ਅਤੇ ਸਾਬਕਾ ਮੰਤਰੀ ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਿਆ ਬਿਸ਼ਨੋਈ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕਾਂਗਰਸ ਨੇ ਸਾਬਕਾ ਮੰਤਰੀ ਜੈ ਪ੍ਰਕਾਸ਼, ਆਮ ਆਦਮੀ ਪਾਰਟੀ (ਆਪ) ਨੇ ਸਤਿੰਦਰ ਸਿੰਘ ਅਤੇ ਇਨੈਲੋ ਨੇ ਕੁਰਦਾ ਰਾਮ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨ ਲਈ ਆਦਮਪੁਰ ਦੇ 1,71,473 ਵੋਟਰਾਂ ਵਿੱਚੋਂ 75 ਫ਼ੀਸਦ ਵੋਟਰਾਂ ਨੇ 180 ਬੂਥਾਂ ’ਤੇ ਆਪਣੇ ਵੋਟ ਦੀ ਵਰਤੋਂ ਕੀਤੀ। ਗੌਰਤਲਬ ਹੈ ਕਿ ਵਿਧਾਨ ਸਭਾ ਹਲਕਾ ਆਦਮਪੁਰ ਦੀ ਸੀਟ ’ਤੇ ਸ਼ੁਰੂ ਤੋਂ ਹੀ ਕਾਂਗਰਸ ਦਾ ਦਬਦਬਾ ਰਿਹਾ ਹੈ, ਜਿੱਥੇ ਚੌਧਰੀ ਭਜਨ ਲਾਲ ਲੰਮਾ ਸਮਾਂ ਜਿੱਤ ਹਾਸਲ ਕਰਦੇ ਆਏ ਹਨ। ਉਸ ਤੋਂ ਬਾਅਦ ਚੌਧਰੀ ਭਜਨ ਲਾਲ ਦੇ ਪੁੱਤਰ ਕੁਲਦੀਪ ਬਿਸ਼ਨੋਈ ਨੇ ਕਾਂਗਰਸ ਤੋਂ ਚੋਣ ਲੜ ਕੇ ਜਿੱਤ ਹਾਸਲ ਕੀਤੀ। ਕੁਝ ਸਮਾਂ ਪਹਿਲਾਂ ਕਾਂਗਰਸ ਨਾਲ ਦੂਰੀਆਂ ਵਧਣ ਕਾਰਨ ਕੁਲਦੀਪ ਬਿਸ਼ਨੋਈ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਛੇ ਸੂਬਿਆਂ ਦੇ ਸੱਤ ਹਲਕਿਆਂ ’ਚ ਸ਼ਾਂਤੀਪੂਰਨ ਰਹੀ ਵੋਟਿੰਗ
ਨਵੀਂ ਦਿੱਲੀ: ਦੇਸ਼ ਦੇ ਛੇ ਸੂਬਿਆਂ ਦੇ ਸੱਤ ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣਾਂ ਦਾ ਅਮਲ ਅੱਜ ਮੁਕੰਮਲ ਹੋ ਗਿਆ। ਇਸ ਦੌਰਾਨ ਮਹਾਰਾਸ਼ਟਰ ਦੇ ਅੰਧੇਰੀ (ਪੂਰਬੀ) ਹਲਕੇ ਵਿਚ ਸਭ ਤੋਂ ਘੱਟ 31.74 ਪ੍ਰਤੀਸ਼ਤ ਵੋਟਿੰਗ ਹੋਈ। ਜਦਕਿ ਤਿਲੰਗਾਨਾ ਦੇ ਮੁਨੁਗੋੜੇ ਸੀਟ ’ਤੇ 77.55 ਫੀਸਦ ਵੋਟਾਂ ਪਈਆਂ। ਆਖ਼ਰੀ ਰਿਪੋਰਟ ਮਿਲਣ ਤੱਕ ਬਿਹਾਰ ਦੇ ਮੋਕਾਮਾ ਵਿਚ 53.45 ਤੇ ਗੋਪਾਲਗੰਜ ਵਿਚ 51.48 ਪ੍ਰਤੀਸ਼ਤ ਵੋਟ ਪੈ ਚੁੱਕੀ ਸੀ। ਉੱਤਰ ਪ੍ਰਦੇਸ਼ ਦੇ ਗੋਲਾ ਗੋਕਰਣਨਾਥ ਵਿਚ 55.68 ਪ੍ਰਤੀਸ਼ਤ ਵੋਟਾਂ ਪਈਆਂ ਜਦਕਿ ਉੜੀਸਾ ਦੇ ਧਾਮਨਗਰ ਵਿਚ 66.63 ਫੀਸਦ ਵੋਟਿੰਗ ਹੋਈ ਹੈ। ਅਧਿਕਾਰੀਆਂ ਮੁਤਾਬਕ ਜ਼ਿਮਨੀ ਚੋਣਾਂ ਦਾ ਅਮਲ ਜ਼ਿਆਦਾਤਰ ਸ਼ਾਂਤੀਪੂਰਨ ਰਿਹਾ। ਜਿਨ੍ਹਾਂ ਸੱਤ ਸੀਟਾਂ ਉਤੇ ਜ਼ਿਮਨੀ ਚੋਣ ਹੋਈ ਹੈ, ਉਨ੍ਹਾਂ ਵਿਚੋਂ ਤਿੰਨ ਭਾਜਪਾ ਕੋਲ ਤੇ ਦੋ ਕਾਂਗਰਸ ਕੋਲ ਸਨ। ਜਦਕਿ ਬਾਕੀ ਦੋ ਸ਼ਿਵ ਸੈਨਾ ਤੇ ਆਰਜੇਡੀ ਕੋਲ ਸਨ। ਬਿਹਾਰ ਵਿਚ ਮੁੱਖ ਮੁਕਾਬਲਾ ਭਾਜਪਾ ਤੇ ਆਰਜੇਡੀ ਵਿਚਾਲੇ ਹੈ। ਜਦਕਿ ਤਿਲੰਗਾਨਾ, ਯੂਪੀ ਤੇ ਉੜੀਸਾ ਵਿਚ ਭਾਜਪਾ ਦਾ ਮੁੱਖ ਮੁਕਾਬਲਾ ਟੀਆਰਐੱਸ, ਸਪਾ ਤੇ ਬੀਜੇਡੀ ਨਾਲ ਹੈ। ਵੋਟਾਂ ਦੀ ਗਿਣਤੀ 6 ਨਵੰਬਰ ਨੂੰ ਹੋਵੇਗੀ। -ਪੀਟੀਆਈ