ਦੇਹਰਾਦੂਨ, 23 ਫਰਵਰੀ
ਕਾਂਗਰਸ ਦੇ ਜਨਰਲ ਸਕੱਤਰ ਨੇ ਸ਼ੋਸਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਇੱਕ ਆਰਮੀ ਸੈਂਟਰ ’ਚ ਇੱਕ ਵਿਅਕਤੀ ਬਹੁਤ ਸਾਰੇ ਪੋਸਟਲ ਬੈਲੇਟ ਪੇਪਰਾਂ ’ਤੇ ਮੋਹਰ ਲਾਉਂਦਾ ਅਤੇ ਦਸਤਖ਼ਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਰਾਵਤ ਨੇ ਆਪਣੇ ਟਵਿੱਟਰ ਹੈਂਡਲ ਅਤੇ ਫੇਸਬੁੱਕ ’ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘‘ਸਾਰਿਆਂ ਨੂੰ ਜਾਣਕਾਰੀ ਦੇਣ ਲਈ ਇੱਕ ਵੀਡੀਓ ਸਾਂਝੀ ਕਰ ਰਿਹਾ ਹਾਂ। ਇਸ ਵਿੱਚ ਇਹ ਦਿੱਸਦਾ ਹੈ ਕਿ ਇੱਕ ਫੌਜੀ ਸੈਂਟਰ ਵਿੱਚ ਕਿਵੇੇਂ ਇੱਕ ਵਿਅਕਤੀ ਕਈ ਬੈਲੇਟ ਪੇਪਰਾਂ ’ਤੇ ਮੋਹਰ ਲਾਉਂਦਾ ਅਤੇ ਦਸਤਖ਼ਤ ਕਰਦਾ ਰਿਹਾ ਹੈ। ਕੀ ਚੋਣ ਕਮਿਸ਼ਨ ਇਸ ਦਾ ਕੋਈ ਨੋਟਿਸ ਲਵੇਗਾ।’’ ਟਵੀਟ ਸਬੰਧੀ ਸਵਾਲ ਕਰਨ ’ਤੇ ਰਾਵਤ ਦੇ ਤਰਜਮਾਨ ਸੁਰੇਂਦਰ ਕੁਮਾਰ ਨੇ ਵੀਡੀਓ ਮੁਹੱਈਆ ਕਰਵਾਉਣ ਵਾਲੇ ਸੂਤਰ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਦਾਅਵਾ ਕੀਤਾ ਕਿ ਇਹ ਵੀਡੀਓ ਉੱਤਰਾਖੰਡ ਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਚੋਣ ਕਮਿਸ਼ਨ ਨੂੰ ਇਸ ਦੀ ਰਸਮੀ ਸ਼ਿਕਾਇਤ ਕਰਕੇ ਵੀਡੀਓ ਸਬੰਧੀ ਨੋਟਿਸ ਲੈਣ ਅਤੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਸੂਬਾ ਕਾਂਗਰਸ ਨੇ ਹਰੀਸ਼ ਰਾਵਤ ਦੇ ਟਵੀਟ ਨੂੰ ਮੁੜ ਟਵੀਟ ਕੀਤਾ ਹੈ। ਉੱਤਰਾਖੰਡ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰੀਤਮ ਸਿੰਘ ਨੇ ਕਿਹਾ, ‘‘ਇਸ ਵੀਡੀਓ, ਜਿਸ ਵਿੱਚ ਜਮਹੂੁਰੀਅਤ ਦਾ ਮਜ਼ਾਕ ਉਡਾਇਆ ਗਿਆ ਹੈ, ਵਿੱਚ ਇੱਕ ਵਿਅਕਤੀ ਇੱਕ ਆਰਮੀ ਸੈਂਟਰ ਵਿੱਚ ਆਪਣੀ ਪਸੰਦੀਦਾ ਪਾਰਟੀ ਦੇ ਹੱਕ ਵਿੱਚ ਕਈ ਬੈਲੇਟ ਪੇਪਰਾਂ ’ਤੇ ਮੋਹਰਾਂ ਲਾ ਰਿਹਾ ਹੈ।’’ ਉਨ੍ਹਾਂ ਕਿਹਾ ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। -ਪੀਟੀਆਈ
ਫੌਜ ਨੂੰ ਸਿਆਸਤ ਤੋਂ ਦੂਰ ਰੱਖਣਾ ਚਾਹੀਦੈ: ਚੌਹਾਨ
ਦੂਜੇ ਪਾਸੇ ਇਸ ’ਤੇ ਟਿੱਪਣੀ ਕਰਦਿਆਂ ਭਾਜਪਾ ਨੇ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ’ਚ ਆਪਣੀ ਹਾਰ ਦਿਖਾਈ ਦੇ ਰਹੀ ਹੈ ਅਤੇ ਨਿਰਾਸ਼ਾ ਕਾਰਨ ਪਾਰਟੀ ਵੱਲੋਂ ਅਜਿਹੇ ਹਥਕੰਡੇ ਵਰਤੇ ਜਾ ਰਹੇ ਹਨ। ਭਾਜਪਾ ਦੇ ਸੂਬਾ ਮੀਡੀਆ ਇੰਚਾਰਜ ਮਨਵੀਰ ਸਿੰਘ ਚੌਹਾਨ ਨੇ ਕਿਹਾ ਕਿ ਫੌਜ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ ਅਤੇ ਕਾਂਗਰਸ ਨੂੰ ਤੱਥਾਂ ਦੀ ਪੁਸ਼ਟੀ ਕੀਤੇ ਬਗ਼ੈਰ ਅਜਿਹੇ ਦੋਸ਼ ਲਾਉਣ ਤੋਂ ਬਚਣਾ ਚਾਹੀਦਾ ਹੈ।