ਨਵੀਂ ਦਿੱਲੀ, 12 ਮਈ
ਸੁਪਰੀਮ ਕੋਰਟ ਨੇ ਵੱਖ ਵੱਖ ਥਾਵਾਂ ’ਤੇ ਧਰਮ ਸੰਸਦ ਵਰਗੇ ਸਮਾਗਮਾਂ ’ਤੇ ਚਿੰਤਾ ਜ਼ਾਹਿਰ ਕੀਤੀ ਹੈ ਜਿਨ੍ਹਾਂ ਨਾਲ ਕਥਿਤ ਤੌਰ ’ਤੇ ਫਿਰਕੂ ਮਾਹੌਲ ਵਿਗੜ ਰਿਹਾ ਹੈ। ਜਸਟਿਸ ਅਜੈ ਰਸਤੋਗੀ ਅਤੇ ਵਿਕਰਮ ਨਾਥ ’ਤੇ ਆਧਾਰਿਤ ਬੈਂਚ ਨੇ ਕਿਹਾ,‘‘ਹੋਰਾਂ ਨੂੰ ਚੇਤੰਨ ਕਰਨ ਤੋਂ ਪਹਿਲਾਂ ਉਹ ਖੁਦ ਜਾਗਰੂਕ ਹੋਣ। ਉਹ ਖੁਦ ਜਾਗਰੂਕ ਨਹੀਂ ਹਨ। ਇਸ ਨਾਲ ਪੂਰਾ ਮਾਹੌਲ ਵਿਗੜ ਰਿਹਾ ਹੈ।’’ ਬੈਂਚ ਨੇ ਹਰਿਦੁਆਰ ਧਰਮ ਸੰਸਦ ਕੇਸ ਦੇ ਮੁਲਜ਼ਮ ਜਿਤੇਂਦਰ ਨਾਰਾਇਣ ਤਿਆਗੀ ਉਰਫ਼ ਵਸੀਮ ਰਿਜ਼ਵੀ ਵੱਲੋਂ ਦਾਖ਼ਲ ਜ਼ਮਾਨਤ ਅਰਜ਼ੀ ’ਤੇ ਉੱਤਰਾਖੰਡ ਸਰਕਾਰ ਅਤੇ ਹੋਰਾਂ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ ਹੈ। ਮੁਲਜ਼ਮ ’ਤੇ ਮੁਸਲਮਾਨਾਂ ਖ਼ਿਲਾਫ਼ ਭੜਕਾਊ ਭਾਸ਼ਨ ਦੇਣ ਦਾ ਦੋਸ਼ ਹੈ। ਤਿਆਗੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸਿਧਾਰਥ ਲੂਥਰਾ ਨੇ ਕਿਹਾ ਕਿ ਉਸ ਨੇ ਉਹ ਵੀਡੀਓ ਦੇਖਿਆ ਹੈ ਜਿਸ ’ਚ ‘ਭਗਵਾ’ ਕੱਪੜੇ ਪਹਿਨੇ ਹੋਏ ਕੁਝ ਲੋਕ ਇਕੱਠੇ ਹੋ ਕੇ ਭਾਸ਼ਨ ਦੇ ਰਹੇ ਹਨ। ਲੂਥਰਾ ਨੇ ਕਿਹਾ ਕਿ ਤਿਆਗੀ ਕਰੀਬ ਛੇ ਮਹੀਨਿਆਂ ਤੋਂ ਹਿਰਾਸਤ ’ਚ ਹੈ ਅਤੇ ਉਹ ਕਈ ਬਿਮਾਰੀਆਂ ਤੋਂ ਪੀੜਤ ਹੈ ਜਦਕਿ ਤਿਆਗੀ ਨੂੰ ਜੇਕਰ ਸਜ਼ਾ ਹੁੰਦੀ ਹੈ ਤਾਂ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਤਿੰਨ ਸਾਲ ਦੀ ਸਜ਼ਾ ਹੋਵੇਗੀ। ਸ਼ਿਕਾਇਤਕਰਤਾ ਦੇ ਵਕੀਲ ਨੇ ਅਰਜ਼ੀ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਤਿਆਗੀ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਕਾਨੂੰਨ ਤੋਂ ਨਹੀਂ ਡਰਦਾ ਹੈ। ਉੱਤਰਾਖੰਡ ਹਾਈ ਕੋਰਟ ਵੱਲੋਂ ਮਾਰਚ ’ਚ ਜ਼ਮਾਨਤ ਅਰਜ਼ੀ ਰੱਦ ਕੀਤੇ ਜਾਣ ਮਗਰੋਂ ਤਿਆਗੀ ਨੇ ਸਿਖਰਲੀ ਅਦਾਲਤ ਦਾ ਰੁਖ ਕੀਤਾ ਸੀ। ਤਿਆਗੀ ਅਤੇ ਹੋਰਾਂ ਖ਼ਿਲਾਫ਼ ਜਵਾਲਾਪੁਰ ਹਰਿਦੁਆਰ ਦੇ ਵਸਨੀਕ ਨਦੀਮ ਅਲੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਨਦੀਮ ਦੀ ਸ਼ਿਕਾਇਤ ’ਤੇ ਨਰਸਿੰਘਨੰਦ ਗਿਰੀ, ਸਾਗਰ ਸਿੰਧੂ ਮਹਾਰਾਜ, ਧਰਮਦਾਸ ਮਹਾਰਾਜ, ਪਰਮਾਨੰਦ ਮਹਾਰਾਜ, ਸਾਧਵੀ ਅੰਨਪੂਰਨਾ, ਸਵਾਮੀ ਆਨੰਦ ਸਵਰੂਪ, ਅਸ਼ਵਨੀ ਉਪਾਧਿਆਏ, ਸੁਰੇਸ਼ ਚਵਾਨ, ਸਵਾਮੀ ਪ੍ਰਬੋਧਨੰਦ ਗਿਰੀ, ਜਿਤੇਂਦਰ ਨਾਰਾਇਣ ਆਦਿ ਖ਼ਿਲਾਫ਼ 153ਏ, 295 ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। -ਪੀਟੀਆਈ