ਅਹਿਮਦਾਬਾਦ, 18 ਮਈ
ਤਿੰਨ ਸਾਲ ਪਹਿਲਾਂ ਕਾਂਗਰਸ ’ਚ ਸ਼ਾਮਲ ਹੋਣ ਵਾਲੇ ਪਾਟੀਦਾਰ ਆਗੂ ਹਾਰਦਿਕ ਪਟੇਲ ਨੇ ਅੱਜ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਹਾਰਦਿਕ ਨੇ ਪਾਰਟੀ ਦੀ ਸਿਖਰਲੀ ਲੀਡਰਸ਼ਿਪ ’ਤੇ ਦੋਸ਼ ਲਾਇਆ ਕਿ ਉਨ੍ਹਾਂ ਦਾ ਵਤੀਰਾ ਇੰਜ ਦਾ ਸੀ ਜਿਵੇਂ ਉਹ ਗੁਜਰਾਤ ਅਤੇ ਗੁਜਰਾਤੀਆਂ ਨੂੰ ਨਫ਼ਰਤ ਕਰਦੇ ਹੋਣ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਗਏ ਅਸਤੀਫ਼ੇ ’ਚ ਉਨ੍ਹਾਂ ਕਿਹਾ ਕਿ ਉਹ ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡ ਰਹੇ ਹਨ। ਹਾਰਦਿਕ ਪਟੇਲ ਦੇ ਅਲਵਿਦਾ ਆਖਣ ਨਾਲ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਅਤੇ ਆਰ ਪੀ ਐੱਨ ਸਿੰਘ ਸਮੇਤ ਕਈ ਹੋਰ ਵੱਡੇ ਆਗੂ ਕਾਂਗਰਸ ਛੱਡ ਚੁੱਕੇ ਹਨ।
ਪਟੇਲ ਨੇ ਪੱਤਰ ’ਚ ਲਿਖਿਆ ਕਿ ਜਦੋਂ ਉਸ ਵਰਗੇ ਵਰਕਰ 500-600 ਕਿਲੋਮੀਟਰ ਦਾ ਸਫ਼ਰ ਤੈਅ ਕੇ ਪਾਰਟੀ ਦੀ ਮੀਟਿੰਗ ’ਚ ਪਹੁੰਚਦੇ ਸਨ ਤਾਂ ਪਤਾ ਲੱਗਦਾ ਸੀ ਕਿ ਕੁਝ ਆਗੂ ਦਿੱਲੀ ਦੇ ਸੀਨੀਅਰ ਆਗੂਆਂ ਨੂੰ ਚਿਕਨ ਸੈਂਡਵਿਚ ਸਮੇਂ ਸਿਰ ਦੇਣਾ ਯਕੀਨੀ ਬਣਾਉਣ ’ਚ ਰੁੱਝੇ ਰਹਿੰਦੇ ਸਨ। ਪਟੇਲ ਨੇ ਆਗੂਆਂ ’ਚ ਗੰਭੀਰਤਾ ਦੀ ਘਾਟ ਦਾ ਜ਼ਿਕਰ ਕਰਦਿਆਂ ਕਿਹਾ,‘‘ਜਦੋਂ ਵੀ ਮੈਂ ਪਾਰਟੀਆਂ ਆਗੂਆਂ ਕੋਲ ਗੁਜਰਾਤ ਦੇ ਮੁੱਦਿਆਂ ਵੱਲ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇੰਜ ਜਾਪਿਆ ਕਿ ਉਨ੍ਹਾਂ ਦਾ ਧਿਆਨ ਆਪਣੇ ਮੋਬਾਈਲ ਫੋਨ ਸਕਰੀਨਾਂ ਅਤੇ ਹੋਰ ਗੱਲਾਂ ਵੱਲ ਸੀ।’’ ਕਾਂਗਰਸ ਨੇ ਹਾਰਦਿਕ ਪਟੇਲ ’ਤੇ ਭਾਜਪਾ ਦੀ ਬੋਲੀ ਬੋਲਣ ਦਾ ਦੋਸ਼ ਲਾਇਆ ਹੈ। ਕਾਂਗਰਸ ਦੇ ਸੰਸਦ ਮੈਂਬਰ ਸ਼ਕਤੀਸਿੰਹ ਗੋਹਿਲ ਨੇ ਕਿਹਾ ਕਿ ਇਹ ਕਾਂਗਰਸ ਛੱਡਣ ਵਾਲੇ ਦੇ ਨਹੀਂ ਸਗੋਂ ਭਾਜਪਾ ਦੇ ਦੋਸ਼ ਹਨ। ਯੂਥ ਕਾਂਗਰਸ ਪ੍ਰਧਾਨ ਸ੍ਰੀਨਿਵਾਸ ਬੀ ਵੀ ਨੇ ਰਾਹੁਲ ਗਾਂਧੀ ਦੀ ਵੀਡੀਓ ਪੋਸਟ ਕਰਦਿਆਂ ਸੁਨੇਹਾ ਲਿਖਿਆ,‘‘ਜਿਹੜੇ ਸੱਚ ਨਾਲ ਖੜ੍ਹੇ ਹਨ, ਉਹ ਵਿਚਾਰਧਾਰਾ ਨਾਲ ਵੀ ਖੜ੍ਹੇ ਹਨ।’’ ਹਾਰਦਿਕ ਪਟੇਲ ਨੇ ਕਿਹਾ ਕਿ ਜਦੋਂ ਵੀ ਭਾਰਤ, ਗੁਜਰਾਤ ਅਤੇ ਪਾਟੀਦਾਰ ਭਾਈਚਾਰੇ ਨਾਲ ਸਬੰਧਤ ਮੁੱਦਿਆਂ ਦੀ ਗੱਲ ਆਈ ਤਾਂ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਲਏ ਗਏ ਸਟੈਂਡ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਅੱਜ ਦੇਸ਼ ਦੇ ਹਰ ਇਕ ਸੂਬੇ ’ਚ ਨਕਾਰ ਦਿੱਤਾ ਗਿਆ ਹੈ ਕਿਉਂਕਿ ਪਾਰਟੀ ਲੋਕਾਂ ਨੂੰ ਬੁਨਿਆਦੀ ਖਾਕਾ ਦੇਣ ’ਚ ਨਾਕਾਮ ਰਹੀ। -ਪੀਟੀਆਈ