ਸ੍ਰੀਨਗਰ, 25 ਜੁਲਾਈ
ਜੰਮੂ ਕਸ਼ਮੀਰ ਦੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਸਰਕੁਲਰ ਜਾਰੀ ਕਰਕੇ ਕੇਂਦਰ ਸਰਕਾਰ ਦੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਹਰੇਕ ਵਿਦਿਆਰਥੀ ਤੋਂ 20 ਰੁਪਏ ਵਸੂਲਣ ਲਈ ਕਹਿਣ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਚੰਦਰਕੂਟ ਦੇ ਜ਼ੋਨਲ ਸਿੱਖਿਆ ਅਧਿਕਾਰੀ ਵੱਲੋਂ ਇਲਾਕੇ ਦੇ ਸਕੂਲਾਂ ਅਤੇ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨੂੰ 16 ਜੁਲਾਈ ਨੂੰ ਜਾਰੀ ਕੀਤੇ ਗਏ ਇੱਕ ਸਰਕੁਲਰ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਸਬੰਧੀ ਹਰੇਕ ਵਿਦਿਆਰਥੀ ਅਤੇ ਸਟਾਫ ਮੈਂਬਰ ਤੋਂ ਪੈਸੇ ਇਕੱਠੇ ਕਰਨ ਲਈ ਕਿਹਾ ਗਿਆ ਹੈ। ਸਰਕੂਲਰ ਵਿੱਚ ਲਿਖਿਆ ਗਿਆ ਹੈ, ‘‘ਬਡਗਾਮ ਦੇ ਪ੍ਰਮੁੱਖ ਸਿੱਖਿਆ ਅਧਿਕਾਰੀ ਦੀਆਂ ਹਦਾਇਤਾਂ ’ਤੇ ਜ਼ੋਨ ਦੇ ਸਾਰੇ ਸਿੱਖਿਆ ਕੇਂਦਰਾਂ ਦੇ ਮੁਖੀਆਂ ਨੂੰ ਪ੍ਰਤੀ ਵਿਦਿਆਰਥੀ ਅਤੇ ਅਧਿਆਪਕ 20 ਰੁਪਏ ਇਕੱਠੇ ਕਰਕੇ ਚਾਰ ਦਿਨਾਂ ਦੇ ਅੰਦਰ ਜ਼ੋਨਲ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਹਦਾਇਤਾਂ ਅਨੁਸਾਰ ਇੱਕੋ ਪਰਿਵਾਰ ਵਿੱਚੋਂ ਇੱਕ ਤੋਂ ਵੱਧ ਵਿਦਿਆਰਥੀ ਹੋਣ ’ਤੇ ਸਿਰਫ਼ ਇੱਕ ਵਿਦਿਆਰਥੀ ਤੋਂ ਫੰਡ ਲਿਆ ਜਾਵੇ।’’
ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਨੇਤਾ ਅਤੇ ਚਰਾਰ-ਏ-ਸ਼ਰੀਫ ਤੋਂ ਸਾਬਕਾ ਵਿਧਾਇਕ ਗੁਲਾਮ ਨਬੀ ਲੋਨ ਹੰਜੂਰਾ ਨੇ ਸੋਸ਼ਲ ਮੀਡੀਆ ’ਤੇ ਸਰਕੁਲਰ ਦੀ ਕਾਪੀ ਪੋਸਟ ਕਰਦਿਆਂ ਇਹ ਯੋਗਦਾਨ ਲਾਜ਼ਮੀ ਬਣਾਉਣ ਲਈ ਪ੍ਰਸ਼ਾਸਨ ਨੂੰ ਸੁਆਲ ਕੀਤਾ ਹੈ। ਹੰਜੂਰਾ ਨੇ ਟਵੀਟ ਕੀਤਾ, ‘‘ਅਜਿਹੇ ਹੁਕਮਾਂ ਨੂੰ ਦੇਖ ਕੇ ਅਫਸੋਸ ਹੁੰਦਾ ਹੈ, ਜੋ ਡਿਵੀਜ਼ਨਲ ਕਮਿਸ਼ਨਰ ਦੇ ਹੁਕਮਾਂ ਦੇ ਉਲਟ ਹਨ ਕਿ ‘ਹਰ ਘਰ ਤਿਰੰਗਾ’ ਪੂਰੀ ਤਰ੍ਹਾਂ ਸਵੈ-ਇੱਛੁਕ ਮੁਹਿੰਮ ਹੈ ਅਤੇ ਇਸ ਲਈ ਕੋਈ ਜ਼ਬਰਦਸਤੀ ਜਾਂ ਮਜਬੂਰੀ ਨਹੀਂ ਹੈ। ਪ੍ਰਸ਼ਾਸਨ ਨੂੰ ਸਮਝਣਾ ਚਾਹੀਦਾ ਹੈ ਕਿ ਦੇਸ਼ ਭਗਤੀ ਕੁਦਰਤੀ ਆਉਂਦੀ ਹੈ ਅਤੇ ਇਹ ਬੰਦੂਕ ਦੇ ਜ਼ੋਰ ’ਤੇ ਕਿਸੇ ਉੱਤੇ ਥੋਪੀ ਨਹੀਂ ਜਾ ਸਕਦੀ।’’ ਹਾਲਾਂਕਿ ਬਡਗਾਮ ਦੇ ਉਪ ਮੁੱਖ ਸਿੱਖਿਆ ਅਧਿਕਾਰੀ ਇੰਦਰਜੀਤ ਸਿੰਘ ਨੇ ਕਿਹਾ ਕਿ ਸਰਕੁਲਰ ਗਲਤੀ ਨਾਲ ਜਾਰੀ ਹੋ ਗਿਆ ਸੀ ਅਤੇ ਯੋਗਦਾਨ ਸਵੈ-ਇੱਛੁਕ ਹੈ। ਉਨ੍ਹਾਂ ਕਿਹਾ ਕਿ ਜ਼ੋਨਲ ਸਿੱਖਿਆ ਅਧਿਕਾਰੀ ਨੇ ਪਹਿਲਾਂ ਹੀ ਸਰਕੁਲਰ ਸਬੰਧੀ ਸੋਧ ਪੱਤਰ ਜਾਰੀ ਕਰ ਦਿੱਤਾ ਹੈ। ਹੰਜੂਰਾ ਨੇ ਅੱਜ ਇੱਥੋਂ ਦੇ ਲਾਲ ਚੌਕ ਵਿੱਚ ਪ੍ਰਸ਼ਾਸਨ ਵੱਲੋਂ ਭਾਜਪਾ ਦੀ ਵਿਜੈ ਦਿਵਸ ਤਿਰੰਗਾ ਯਾਤਰਾ ਲਈ ਦੋ ਸਕੂਲਾਂ ਨੂੰ ਬੰਦ ਕਰਵਾਉਣ ’ਤੇ ਵੀ ਸੁਆਲ ਉਠਾਏ ਹਨ। -ਪੀਟੀਆਈ
ਭਾਜਪਾ ਨੇ ਲਾਲ ਚੌਕ ਤੋਂ ਕੱਢੀ ਵਿਜੈ ਦਿਵਸ ਮੋਟਰਸਾਈਕਲ ਰੈਲੀ
ਸ੍ਰੀਨਗਰ: ਭਾਜਪਾ ਨੇ 1999 ਦੀ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਅੱਜ ਇੱਥੇ ਪਹਿਲੀ ਵਾਰ ਸ਼ਹਿਰ ਦੇ ਲਾਲ ਚੌਕ ਵਿੱਚ ਤਿਰੰਗਾ ਮੋਟਰਸਾਈਕਲ ਰੈਲੀ ਕੱਢੀ। ਲੱਦਾਖ ਦੇ ਦਰਾਸ ਇਲਾਕੇ ਤੱਕ ਕੱਢੀ ਗਈ ਇਸ ਰੈਲੀ ਨੂੰ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਦੱਖਣੀ ਬੰਗਲੁਰੂ ਦੇ ਸੰਸਦ ਮੈਂਬਰ ਅਤੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਤੇਜੱਸਵੀ ਸੂਰਿਆ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈਲੀ ਵਿੱਚ ਕਰੀਬ ਸੌ ਮੋਟਰਸਾਈਕਲ ਸਵਾਰਾਂ ਨੇ ਹਿੱਸਾ ਲਿਆ। ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਤਰੁਣ ਚੁੱਘ ਨੇ ਨੈਸ਼ਨਲ ਕਾਨਫਰੰਸ (ਐੱਨਸੀ) ਅਤੇ ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ, ‘‘ਮਹਬਿੂਬਾ ਦਾ ਘਰ ਇੱਥੋਂ ਕੁੱਝ ਦੂੁਰੀ ’ਤੇ ਹੀ ਹੈ। ਉਹ ਅਕਸਰ ਕਹਿੰਦੀ ਸੀ ਕਿ ਜੇਕਰ ਧਾਰਾ 370 ਰੱਦ ਕਰਦੇ ਹੋ ਤਾਂ ਤੁਹਾਨੂੰ ਤਿਰੰਗਾ ਲਹਿਰਾਉਣ ਲਈ ਹੱਥ ਨਹੀਂ ਮਿਲਣਗੇ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਲਾਲ ਚੌਕ ’ਤੇ ਆਓ ਅਤੇ ਕਸ਼ਮੀਰੀਆਂ ਨੂੰ ਤਿਰੰਗਾ ਲਹਿਰਾਉਂਦਿਆਂ ਦੇਖੋ। ਹਰ ਵਿਅਕਤੀ ਦੇ ਦਿਲ ਵਿੱਚ ਤਿਰੰਗਾ ਵੱਸਦਾ ਹੈ।’’ -ਪੀਟੀਆਈ