ਨਵੀਂ ਦਿੱਲੀ, 8 ਨਵੰਬਰ
ਸਾਬਕਾ ਉਪ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸਭ ਤੋਂ ਲੰਮਾ ਸਮਾਂ ਪ੍ਰਧਾਨ ਰਹੇ ਐਲ.ਕੇ. ਅਡਵਾਨੀ ਅੱਜ 94 ਸਾਲਾਂ ਦੇ ਹੋ ਗਏ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਈ ਹੋਰ ਆਗੂਆਂ ਨੇ ਉਨ੍ਹਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਤੇ ਦੇਸ਼ ਅਤੇ ਪਾਰਟੀ ਲਈ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਮੋਦੀ ਨੇ ਟਵੀਟ ਕੀਤਾ ‘ਮਾਣਯੋਗ ਅਡਵਾਨੀ ਜੀ ਨੂੰ ਜਨਮ ਦਿਨ ਦੀ ਵਧਾਈ, ਉਨ੍ਹਾਂ ਦੇ ਲੰਮੇ ਤੇ ਸਿਹਤਮੰਦ ਜੀਵਨ ਲਈ ਪ੍ਰਾਰਥਨਾ ਕਰਦੇ ਹਾਂ।’ ਪ੍ਰਧਾਨ ਮੰਤਰੀ, ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਕੇਂਦਰੀ ਮੰਤਰੀ ਅਮਿਤ ਸ਼ਾਹ ਤੇ ਰਾਜਨਾਥ ਸਿੰਘ ਅਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਅੱਜ ਅਡਵਾਨੀ ਨੂੰ ਮਿਲਣ ਉਨ੍ਹਾਂ ਦੇ ਘਰ ਵੀ ਗਏ। ਕੇਂਦਰੀ ਮੰਤਰੀ ਸ਼ਾਹ ਨੇ ਕਿਹਾ ਕਿ ਅਡਵਾਨੀ ਨੇ ਪਾਰਟੀ ਦੀ ਵਿਚਾਰਧਾਰਾ ਲੋਕਾਂ ਤੱਕ ਪਹੁੰਚਾਉਣ ਵਿਚ ਵੱਡਾ ਯੋਗਦਾਨ ਦਿੱਤਾ ਤੇ ਭਾਜਪਾ ਦੇ ਜਥੇਬੰਦਕ ਢਾਂਚੇ ਨੂੰ ਆਕਾਰ ਦਿੱਤਾ। ਅਣਵੰਡੇ ਭਾਰਤ ਵਿਚ ਕਰਾਚੀ ’ਚ ਜਨਮੇ ਅਡਵਾਨੀ ਪਹਿਲਾਂ ਆਰਐੱਸਐੱਸ ਵਿਚ ਸ਼ਾਮਲ ਹੋਏ ਤੇ ਮਗਰੋਂ ਜਨਸੰਘ ਦੀ ਸਥਾਪਨਾ ਵੇਲੇ ਤੋਂ ਹੀ ਇਸ ਦੇ ਨਾਲ ਜੁੜ ਗਏ। ਭਾਜਪਾ ਨੂੰ ਵੱਡੀ ਕੌਮੀ ਪਾਰਟੀ ਬਣਾਉਣ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਤੇ ਅੱਸੀ ਦੇ ਦਹਾਕੇ ਵਿਚ ਰਾਮ ਜਨਮਭੂਮੀ ਮੁਹਿੰਮ ਚਲਾ ਕੇ ਉਨ੍ਹਾਂ ਹਿੰਦੂਤਵ ਸਿਆਸਤ ਨੂੰ ਨਵਾਂ ਰੂਪ ਦਿੱਤਾ। -ਪੀਟੀਆਈ