ਨਵੀਂ ਦਿੱਲੀ, 19 ਨਵੰਬਰ
ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਮਗਰੋਂ ਅੱਜ ਗਾਜ਼ੀਪੁਰ, ਟਿਕਰੀ ਤੇ ਸਿੰਘੂ ਹੱਦਾਂ ’ਤੇ ਕਿਸਾਨ ਮੋਰਚਿਆਂ ’ਚ ਖੁਸ਼ੀ ਮਨਾਈ ਗਈ। ਕਿਸਾਨ ਸਰਕਾਰ ਦੇ ਫ਼ੈਸਲੇ ਤੋਂ ਖੁਸ਼ ਹਨ ਪਰ ਉਹ ਸੰਸਦ ’ਚੋਂ ਇਹ ਖੇਤੀ ਕਾਨੂੰਨ ਰੱਦ ਹੋਣ, ਇਸ ’ਤੇ ਅਮਲ ਹੋਣ ਤੇ ਐੱਮਐੱਸਪੀ ਸਬੰਧੀ ਢੁੱਕਵਾਂ ਕਾਨੂੰਨ ਨਾ ਬਣਨ ਤੱਕ ਸੰਘਰਸ਼ ਖਤਮ ਕਰਨ ਦੇ ਰੌਂਅ ’ਚ ਨਹੀਂ ਹਨ।
ਗਾਜ਼ੀਪੁਰ ਹੱਦ ’ਤੇ ਕਿਸਾਨਾਂ ਨੇ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਇੱਥੇ ਯੱਗ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਰਾਜਿੰਦਰ ਯਾਦਵ ਨੇ ਕਿਹਾ ਕਿ ਇਹ ਉਨ੍ਹਾਂ ਸਾਰਿਆਂ ਲਈ ਖੁਸ਼ੀ ਦਾ ਪਲ ਹੈ ਕਿਉਂਕਿ ਅਖੀਰ ਭਾਰਤ ਦੇ ਲੋਕਾਂ ਦੀ ਆਵਾਜ਼ ਸੁਣੀ ਗਈ ਹੈ। ਇਹ ਸਿਰਫ਼ ਕਿਸਾਨਾਂ ਦੀ ਨਹੀਂ ਬਲਕਿ ਸਾਰੇ ਦੇਸ਼ ਦੀ ਜਿੱਤ ਹੈ। ਗਾਜ਼ੀਪੁਰ ਹੱਦ ’ਤੇ ਬੈਠੇ 63 ਸਾਲਾ ਕਿਸਾਨ ਬ੍ਰਿਜਪਾਲ ਸਿੰਘ ਫੌਜੀ ਨੇ ਕਿਹਾ,‘ਅਸ਼ੀਂ ਖੁਸ਼ ਹਾਂ ਕਿ ਪ੍ਰਧਾਨ ਮੰਤਰੀ ਨੇ ਸਾਨੂੰ ਕਿਸਾਨ ਮੰਨਿਆ ਹੈ। ਹੁਣ ਤੱਕ ਉਨ੍ਹਾਂ ਸਾਨੂੰ ਵੱਖ ਵੱਖ ਨਾਵਾਂ ਨਾਲ ਹੀ ਸੱਦਿਆ ਹੈ।’ ਸਰਕਾਰ ਦੇ ਵਾਅਦਿਆਂ ’ਤੇ ਬੇਭਰੋਸਗੀ ਜ਼ਾਹਿਰ ਕਰਦਿਆਂ ਫੌਜੀ ਨੇ ਕਿਹਾ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਆਪਣੇ ਵਾਅਦੇ ਨੂੰ ਲਾਗੂ ਨਹੀਂ ਕਰ ਦਿੰਦੇ ਉਨ੍ਹਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਖੇਤੀ ਕਾਨੂੰਨਾਂ ਨੂੰ ਜਦੋਂ ਤੱਕ ਸੰਸਦ ’ਚ ਪੇਸ਼ ਕਰਕੇ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਵਾਪਸ ਨਹੀਂ ਜਾਣ ਵਾਲੇ। ਭਾਰਤੀ ਕਿਸਾਨ ਸੰਗਠਨ ਦੇ ਕੌਮੀ ਬੁਲਾਰੇ ਗੌਰਵ ਯਾਦਵ ਨੇ ਕਿਹਾ, ‘ਪ੍ਰਧਾਨ ਮੰਤਰੀ ਦੇ ਵਾਅਦਿਆਂ ’ਤੇ ਇਤਬਾਰ ਕਰਨਾ ਮੁਸ਼ਕਿਲ ਹੈ। 2014 ’ਚ ਸਰਕਾਰ ਬਣਨ ਮਗਰੋਂ ਉਨ੍ਹਾਂ ਅੱਛੇ ਦਿਨ, ਕਾਲਾ ਧਨ ਵਾਪਸ ਲਿਆਉਣ, 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਰਗੇ ਵਾਅਦੇ ਕੀਤੇ ਸਨ। ਖੇਤੀ ਕਾਨੂੰਨ ਰੱਦ ਕਰਨ ਸਬੰਧੀ ਸਾਰੀ ਪ੍ਰਕਿਰਿਆ ਜਦੋਂ ਤੱਕ ਮੁਕੰਮਲ ਨਹੀਂ ਹੋ ਜਾਂਦੀ ਅਸੀਂ ਵਾਪਸ ਨਹੀਂ ਜਾਵਾਂਗੇ। ਅਸੀਂ ਸੰਯੁਕਤ ਕਿਸਾਨ ਮੋਰਚੇ ਦੀਆਂ ਹਦਾਇਤਾਂ ਦਾ ਪਾਲਣ ਕਰਾਂਗੇ।’ ਸਿੰਘੂ ਹੱਦ ’ਤੇ ਕਿਸਾਨਾਂ ਨੇ ਕਿਹਾ ਕਿ ਉਹ ਫ਼ੈਸਲੇ ਨਾਲ ਖੁਸ਼ ਹਨ। ਕਿਰਤੀ ਕਿਸਾਨ ਯੂਨੀਅਲ ਦੇ ਹਰਮੇਸ਼ ਸਿੰਘ ਢੇਸੀ ਨੇ ਕਿਹਾ, ‘ਇਹ ਕਾਨੂੰਨ ਸੰਸਦ ਨੇ ਪਾਸ ਕੀਤੇ ਤੇ ਉੱਥੇ ਹੀ ਰੱਦ ਹੋ ਸਕਦੇ ਹਨ। ਅਸੀਂ ਵੀ ਘਰ ਵਾਪਸ ਜਾਣਾ ਚਾਹੁੰਦੇ ਹਾਂ। ਸਰਕਾਰ ਇਹ ਕਾਨੂੰਨ ਵਾਪਸ ਲੈ ਲਵੇ, ਅਸੀਂ ਘਰ ਮੁੜ ਜਾਵਾਂਗੇ। ਅਸੀਂ ਐੱਮਐੱਸਪੀ ’ਤੇ ਕੋਈ ਕਮੇਟੀ ਨਹੀਂ ਬਲਕਿ ਗਾਰੰਟੀ ਚਾਹੁੰਦੇ ਹਾਂ।’ ਇਸੇ ਤਰ੍ਹਾਂ ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਐੱਮਐੱਸਪੀ ਸਮੇਤ ਹੋਰਨਾਂ ਮੰਗਾਂ ਦੇ ਨਬਿੇੜੇ ਤਕ ਸ਼ੰਘਰਸ਼ ’ਚ ਡਟੇ ਰਹਿਣ ਦਾ ਐਲਾਨ ਕੀਤਾ ਗਿਆ। ਸੂਬਾਈ ਆਗੂਆਂ ਨੇ ਮੰਚ ਤੋਂ ਕਿਹਾ ਕਿ ਇਹ ਪਿਛਲੇ ਡੇਢ ਵਰ੍ਹੇ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਸੁਚੱਜੀ ਅਗਵਾਈ ਅਤੇ ਕਿਸਾਨਾਂ ਦੇ ਸਬਰ ਦਾ ਸਿੱਟਾ ਹੈ ਕੇ ਮੋਦੀ ਸਰਕਾਰ ਨੂੰ ਝੁਕਣਾ ਪਿਆ ਹੈ। ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਭਾਈ ਲਾਲੋ ਅਤੇ ਮਲਕ ਭਾਗੋਆਂ ਦੀ ਲੜਾਈ ਅੱਜ ਵੀ ਜਾਰੀ ਹੈ। -ਪੀਟੀਆਈ