ਮੁੰਬਈ, 26 ਅਪਰੈਲ
ਹਨੂੰਮਾਨ ਚਾਲੀਸਾ ਵਿਵਾਦ ’ਚ ਗ੍ਰਿਫ਼ਤਾਰ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਤੇ ਉਸ ਦਾ ਵਿਧਾਇਕ ਪਤੀ ਰਵੀ ਰਾਣਾ ਸੈਸ਼ਨ ਕੋਰਟ ਵੱਲੋਂ 29 ਅਪਰੈਲ ਨੂੰ ਉਨ੍ਹਾਂ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਤੱਕ ਜੇਲ੍ਹ ਵਿੱਚ ਹੀ ਰਹਿਣਗੇ। ਕੋਰਟ ਨੇ ਜੋੜੇ ਦੀ ਜ਼ਮਾਨਤ ਅਰਜ਼ੀ ’ਤੇ ਮੁੰਬਈ ਪੁਲੀਸ ਤੋਂ 29 ਅਪਰੈਲ ਤੱਕ ਜਵਾਬ ਮੰਗ ਲਿਆ ਹੈ। ਬੰਬੇ ਹਾਈ ਕੋਰਟ ਨੇ ਦੰਪਤੀ ਖਿਲਾਫ਼ ਦਰਜ ਐੱਫਆਈਆਰ ਲੰਘੇ ਦਿਨ ਰੱਦ ਕਰਨ ਤੋਂ ਨਾਂਹ ਕਰ ਦਿੱਤੀ ਸੀ। ਦੱਸ ਦੇਈਏ ਕਿ ਰਾਣਾ ਦੰਪਤੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਸਬ-ਅਰਬਨ ਬਾਂਦਰਾ ਸਥਿਤ ਨਿੱਜੀ ਰਿਹਾਇਸ਼ ‘ਮਾਤੋਸ਼੍ਰੀ’ ਦੇ ਬਾਹਰ ਹਨੂੰਮਾਨ ਚਾਲੀਸਾ ਦਾ ਜਾਪ ਕਰਨ ਦਾ ਸੱਦਾ ਦਿੱਤਾ ਸੀ, ਜਿਸ ਮਗਰੋਂ ਮੁੰਬਈ ਪੁਲੀਸ ਨੇ ਉਨ੍ਹਾਂ ਖਿਲਾਫ਼ ਬਗ਼ਾਵਤ ਤੇ ਵੈਰ-ਵਿਰੋਧ ਨੂੰ ਹਵਾ ਦੇਣ ਦੇ ਦੋਸ਼ ਵਿੱਚ ਐੱਫਆਈਆਰ ਦਰਜ ਕੀਤੀ ਸੀ।
ਸੈਸ਼ਨ ਕੋਰਟ ਵਿੱਚ ਸੁਣਵਾਈ ਦੌਰਾਨ ਮੁੰਬਈ ਪੁਲੀਸ ਨੇ ਕਿਹਾ ਕਿ ਉਹ ਰਾਣਾ ਦੰਪਤੀ ਵੱਲੋਂ ਦਾਇਰ ਜ਼ਮਾਨਤ ਅਰਜ਼ੀ ਦਾ ਜਵਾਬ ਹਲਫ਼ਨਾਮੇ ਰਾਹੀਂ ਦੇਵੇਗੀ। ਕੋਰਟ ਨੇ ਪੁਲੀਸ ਦੀ ਅਰਜ਼ੀ ਨੂੰ ਸਵੀਕਾਰ ਕਰਦਿਆਂ ਕੇਸ ਦੀ ਅਗਲੀ ਤਰੀਕ 29 ਅਪਰੈਲ ਨਿਰਧਾਰਿਤ ਕਰ ਦਿੱਤੀ। ਪੁਲੀਸ ਨੇ ਦੰਪਤੀ ਨੂੰ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਨਵਨੀਤ ਰਾਣਾ ਨੂੰ ਬਾਇਕੁਲਾ ਦੀ ਮਹਿਲਾ ਜੇਲ੍ਹ ਭੇਜਿਆ ਗਿਆ ਹੈ ਜਦੋਂਕਿ ਉਸ ਦਾ ਪਤੀ ਰਵੀ ਰਾਣਾ ਨੂੰ ਨਾਲ ਲੱਗਦੇ ਨਵੀ ਮੁੰਬਈ ਦੀ ਤਾਲੋਜਾ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਹੈ। ਪੂਰਬੀ ਮਹਾਰਾਸ਼ਟਰ ਵਿੱਚ ਅਮਰਾਵਤੀ ਤੋਂ ਲੋਕ ਸਭਾ ਮੈਂਬਰ ਨਵਨੀਤ ਰਾਣਾ ਤੇ ਉਸ ਦੇ ਪਤੀ ਰਵੀ ਰਾਣਾ, ਜੋ ਅਮਰਾਵਤੀ ਵਿੱਚ ਬਦਨੇਰਾ ਤੋਂ ਵਿਧਾਇਕ ਹੈ, ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐਤਵਾਰ ਨੂੰ ਮੁੰਬਈ ਫੇਰੀ ਦੇ ਹਵਾਲੇ ਨਾਲ ਮੁੱਖ ਮੰਤਰੀ ਊਧਵ ਠਾਕਰੇ ਦੀ ਰਿਹਾਇਸ਼ ਬਾਹਰ ਹਨੂੰਮਾਨ ਚਾਲੀਸਾ ਦੇ ਜਾਪ ਦੇ ਦਿੱਤੇ ਸੱਦੇ ਨੂੰ ਵਾਪਸ ਲੈ ਲਿਆ ਸੀ। -ਪੀਟੀਆਈ
ਮੁੰਬਈ ਪੁਲੀਸ ਕਮਿਸ਼ਨਰ ਨੇ ਰਾਣਾ ਦੰਪਤੀ ਦੀ ਚਾਹ ਪੀਂਦਿਆਂ ਦੀ ਵੀਡੀਓ ਟਵਿੱਟਰ ’ਤੇ ਪਾਈ
ਮੁੰਬਈ: ਅਮਰਾਵਤੀ ਤੋਂ ਸੰਸਦ ਮੈਂਬਰ ਨਵਨੀਤ ਰਾਣਾ ਵੱਲੋਂ ਲੋਕ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਖਾਰ ਪੁਲੀਸ ਸਟੇਸ਼ਨ ਵਿੱਚ ਉਸ ਨਾਲ ਦੁਰਵਿਹਾਰ ਕਰਨ ਦੇ ਲਾਏ ਦੋਸ਼ਾਂ ਮਗਰੋਂ ਮੁੰਬਈ ਪੁਲੀਸ ਕਮਿਸ਼ਨਰ ਸੰਜੈ ਪਾਂਡੇ ਨੇ ਅੱਜ ਟਵਿੱਟਰ ’ਤੇ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਰਾਣਾ ਦੰਪਤੀ ਪੁਲੀਸ ਹਿਰਾਸਤ ਵਿੱਚ ਚਾਹ ਦੀਆਂ ਚੁਸਕੀਆਂ ਲੈਂਦਾ ਦਿਖ ਰਿਹਾ ਹੈ। ਨਵਨੀਤ ਰਾਣਾ ਨੇ ਸਪੀਕਰ ਓਮ ਬਿਰਲਾ ਨੂੰ ਲਿਖੇ ਪੱਤਰ ਵਿੱਚ ਦਾਅਵਾ ਕੀਤਾ ਸੀ ਕਿ ਗ੍ਰਿਫ਼ਤਾਰੀ ਮਗਰੋਂ ਪੁਲੀਸ ਸਟੇਸ਼ਨ ਵਿੱਚ ਉਸ ਨੂੰ ਪੀਣ ਲਈ ਪਾਣੀ ਨਹੀਂ ਦਿੱਤਾ ਗਿਆ ਤੇ ਉਸ ਨੂੰ ਜਾਤੀਗਤ ਤੋਹਮਤਾਂ ਦਾ ਵੀ ਸਾਹਮਣਾ ਕਰਨਾ ਪਿਆ। ਮੁੰਬਈ ਪੁਲੀਸ ਕਮਿਸ਼ਨਰ ਨੇ 12 ਸਕਿੰਟਾਂ ਦੀ ਵੀਡੀਓ ਹੇਠ ਸਿਰਲੇਖ ਲਿਖਿਆ, ‘‘ਕੀ ਸਾਨੂੰ ਹੋਰ ਕੁਝ ਕਹਿਣ ਦੀ ਲੋੜ ਹੈ?’’ ਵੀਡੀਓ ਕਲਿੱਪ ਵਿੱਚ ਰਾਣਾ ਦੰਪਤੀ ਖਾਰ ਪੁਲੀਸ ਸਟੇਸ਼ਨ ਵਿੱਚ ਪੁਲੀਸ ਅਧਿਕਾਰੀਆਂ ਦੇ ਸਾਹਮਣੇ ਕੁਰਸੀਆਂ ’ਤੇ ਬੈਠੇ ਨਜ਼ਰ ਆ ਰਹੇ ਹਨ ਤੇ ਮੇਜ਼ ਉੱਤੇ ਪਈਆਂ ਮਿਨਰਲ ਪਾਣੀ ਦੀਆਂ ਬੋਤਲਾਂ ਵੀ ਦਿਸ ਰਹੀਆਂ ਹਨ। ਨਵਨੀਤ ਰਾਣਾ ਦੇ ਪੱਤਰ ਮਗਰੋਂ ਲੋਕ ਸਭਾ ਸਕੱਤਰੇਤ ਨੇ ਮਹਾਰਾਸ਼ਟਰ ਸਰਕਾਰ ਤੋਂ 24 ਘੰਟਿਆਂ ਵਿੱਚ ਜਵਾਬ ਮੰਗਿਆ ਸੀ। -ਪੀਟੀਆਈ