ਤਿਰੂਵਨੰਤਪੁਰਮ, 22 ਅਗਸਤ
ਮਾਹਿਰਾਂ ਮੁਤਾਬਕ ਕੇਰਲ ਵਿਚ ਲਾਗ ਦੇ ਕੇਸ ਵਧਣ ਦਾ ਕਾਰਨ ਤਿਉਹਾਰਾਂ ਦੇ ਸੀਜ਼ਨ ਵਿਚ ਲੋਕਾਂ ਵੱਲੋਂ ਕੋਵਿਡ ਦੇ ਨੇਮਾਂ ਦਾ ਪਾਲਣ ਨਾ ਕਰਨਾ ਹੈ। ਰਾਜ ਵਿਚ ਦੇਸ਼ ਦੇ ਅੱਧੇ ਤੋਂ ਵੱਧ ਕੇਸ ਹਨ। ਮੈਡੀਕਲ ਮਾਹਿਰਾਂ ਨੇ ਕਿਹਾ ਕਿ ਲੋਕਾਂ ਨੂੰ ਬੰਦੂਕ ਦੀ ਨੋਕ ਉਤੇ ਨਿਯਮਾਂ ਦਾ ਪਾਲਣ ਕਰਨ ਲਈ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਨੂੰ ਖ਼ੁਦ ਹੀ ਆਪਣੇ ਵਿਹਾਰ ਵਿਚ ਤਬਦੀਲੀ ਲਿਆਉਣੀ ਪਵੇਗੀ। ਡਾ. ਅਮਰ ਫੇਟਲ ਤੇ ਡਾ. ਕਨਨ ਨੇ ਕਿਹਾ ਕਿ ਟੈਸਟ ਪਾਜ਼ੇਟਿਵਿਟੀ ਦਰ (ਟੀਪੀਆਰ) ਵਧਣ ਦਾ ਕਾਰਨ ਲੋਕਾਂ ਵੱਲੋਂ ਖ਼ਰੀਦੋ-ਫਰੋਖਤ ਲਈ ਬਾਹਰ ਨਿਕਲਣਾ ਤੇ ਢੁੱਕਵਾਂ ਵਿਹਾਰ ਨਾ ਕਰਨਾ ਹੈ। ਡਾ. ਅਮਰ ਰਾਜ ਦੇ ਕੋਵਿਡ ਨੋਡਲ ਅਧਿਕਾਰੀ ਹਨ। ਕੇਰਲਾ ਵਿਚ ਟੀਪੀਆਰ ਵੱਧ ਕੇ ਸ਼ਨਿਚਰਵਾਰ ਨੂੰ 17.73 ਪ੍ਰਤੀਸ਼ਤ ਹੋ ਗਈ ਸੀ। ਕੇਰਲਾ ਵਿਚ ਸ਼ਨਿਚਰਵਾਰ ਨੂੰ ਵਾਇਰਸ ਦੇ 17,106 ਕੇਸ ਸਾਹਮਣੇ ਆਏ ਹਨ। ਪੂਰੇ ਮੁਲਕ ਵਿਚ ਕੁੱਲ 34,457 ਕੇਸ ਸਾਹਮਣੇ ਆਏ ਹਨ। ਮਾਹਿਰਾਂ ਨੇ ਨਾਲ ਹੀ ਕਿਹਾ ਕਿ ਢਿੱਲ ਵੀ ਜ਼ਰੂਰੀ ਹੈ ਕਿਉਂਕਿ ਲੋਕ ਸਾਲ ਤੋਂ ਘਰਾਂ ਵਿਚ ਡੱਕੇ ਹੋਏ ਹਨ। ਆਰਥਿਕ ਪੱਖ ਤੋਂ ਵੀ ਪ੍ਰੇਸ਼ਾਨ ਹਨ। -ਪੀਟੀਆਈ
ਬਾਲ ਘਰਾਂ ’ਚ ਹੁਣ ਤੱਕ 721 ਬੱਚੇ ਕਰੋਨਾ ਦੀ ਲਪੇਟ ’ਚ ਆਏ
ਨਵੀਂ ਦਿੱਲੀ: ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਅਨੁਸਾਰ ਹੁਣ ਤੱਕ 11 ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚਲੀਆਂ ਬਾਲ ਦੇਖਭਾਲ ਸੰਸਥਾਵਾਂ (ਸੀਸੀਆਈਜ਼) ਦੇ 720 ਬੱਚੇ ਕਰੋਨਾਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ ਜਦਕਿ ਇਸ ਨਾਲ ਕਿਸੇ ਬੱਚੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਖ਼ਬਰ ਏਜੰਸੀ ਪੀਟੀਆਈ ਵੱਲੋਂ ਸੂਚਨਾ ਦੇ ਅਧਿਕਾਰ ਐਕਟ ਤਹਿਤ ਪੁੱਛੇ ਸਵਾਲ ਦੇ ਜਵਾਬ ਵਿੱਚ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਸੂਚਨਾ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬਾਲ ਘਰਾਂ ਵਿੱਚ ਰਹਿਣ ਵਾਲੇ 686 ਬੱਚੇ ਇਸੇ ਸਾਲ ਕਰੋਨਾ ਦੇ ਸੰਪਰਕ ’ਚ ਆਏ ਹਨ। ਪਿਛਲੇ ਸਾਲ ਸਿਰਫ਼ ਉੱਤਰ ਪ੍ਰਦੇਸ਼ ਹੀ ਅਜਿਹਾ ਸੂਬਾ ਸੀ, ਜਿੱਥੇ ਬਾਲ ਘਰਾਂ ਵਿੱਚ ਬੱਚਿਆਂ ਨੂੰ ਕਰੋਨਾ ਹੋਇਆ ਸੀ। ਅੰਕੜਿਆਂ ਅਨੁਸਾਰ ਉੱਥੇ 35 ਮਾਮਲੇ ਦਰਜ ਕੀਤੇ ਗਏ ਸਨ।