ਬੰਗਲੂਰੂ, 12 ਅਗਸਤ
ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ (ਐੱਚਏਐੱਲ) ਨੇ ਅੱਜ ਕਿਹਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਦੋ ਹਲਕੇ ਲੜਾਕੂ ਹੈਲੀਕਾਪਟਰ ਉੱਚੀ ਚੋਟੀਆਂ (ਲੇਹ ਸੈਕਟਰ) ’ਤੇ ਕਾਰਵਾਈ ਲਈ ਤਾਇਨਾਤ ਕੀਤੇ ਗਏ ਹਨ। ਸਰਹੱਦ ’ਤੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਭਾਰਤੀ ਹਵਾਈ ਸੈਨਾ ਦੇ ਮਿਸ਼ਨ ਨੂੰ ਹਮਾਇਤ ਦੇਣ ਲਈ ਥੋੜੇ ਜਿਹੇ ਨੋਟਿਸ ’ਤੇ ਇਹ ਹੈਲੀਕਾਪਟਰ ਭੇਜੇ ਗਏ ਹਨ। ਐੱਚਏਐੱਲ ਦੇ ਸੀਐੱਮਡੀ ਆਰ ਮਾਧਵਨ ਨੇ ਦੱਸਿਆ,‘‘ਇਹ ਦੁਨੀਆ ਦੇ ਸਭ ਤੋਂ ਹਲਕੇ ਲੜਾਕੂ ਹੈਲੀਕਾਪਟਰ ਹਨ ਜਿਨ੍ਹਾਂ ਨੂੰ ਐੱਚਏਐੱਲ ਵੱਲੋਂ ਭਾਰਤੀ ਫ਼ੌਜ ਦੀਆਂ ਖਾਸ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਕਸਤ ਕੀਤਾ ਗਿਆ ਹੈ। ਆਤਮ ਨਿਰਭਰ ਭਾਰਤ ’ਚ ਐੱਚਏਐੱਲ ਦੀ ਅਹਿਮ ਭੂਮਿਕਾ ਦਿਖਾਈ ਦਿੰਦੀ ਹੈ।’’ ਕੰਪਨੀ ਨੇ ਬਿਆਨ ’ਚ ਕਿਹਾ ਕਿ ਵਾਈਸ ਚੀਫ਼ ਆਫ਼ ਏਅਰ ਸਟਾਫ਼ ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਨੇ ਐੱਚਏਐੱਲ ਦੇ ਪਾਇਲਟ ਵਿੰਗ ਕਮਾਂਡਰ (ਸੇਵਾਮੁਕਤ) ਸੁਭਾਸ਼ ਪੀ ਜੌਹਨ ਨਾਲ ਉੱਚੀ ਚੋਟੀ ਤੋਂ ਸਰਹੱਦ ਦੀਆਂ ਮੂਹਰਲੀਆਂ ਚੌਕੀਆਂ ’ਤੇ ਹਮਲੇ ਦਾ ਅਭਿਆਸ ਕੀਤਾ। ਇਸ ਮਗਰੋਂ ਖਿੱਤੇ ਦੇ ਸਭ ਤੋਂ ਜ਼ਿਆਦਾ ਜੋਖ਼ਮ ਵਾਲੇ ਹੈਲੀਪੈਡ ’ਤੇ ਹੈਲੀਕਾਪਟਰ ਨੂੰ ਉਤਾਰਿਆ ਗਿਆ। ਹਲਕੇ ਲੜਾਕੂ ਹੈਲੀਕਾਪਟਰ ’ਚ ਲੱਗੇ ਹਥਿਆਰ ਦਿਨ ਜਾਂ ਰਾਤ ਸਮੇਂ ਕਿਸੇ ਵੀ ਤਰ੍ਹਾਂ ਦੇ ਨਿਸ਼ਾਨੇ ਨੂੰ ਫੁੰਡ ਸਕਦੇ ਹਨ। ਐੱਚਏਐੱਲ ਨੇ ਕਿਹਾ ਕਿ ਭਾਰਤੀ ਹਵਾਈ ਅਤੇ ਥਲ ਸੈਨਾ ਨੂੰ ਅਜਿਹੇ ਕਰੀਬ 160 ਹਲਕੇ ਲੜਾਕੂ ਹੈਲੀਕਾਪਟਰਾਂ ਦੀ ਲੋੜ ਹੈ। ਰੱਖਿਆ ਉਪਕਰਨ ਖ਼ਰੀਦਣ ਵਾਲੀ ਪ੍ਰੀਸ਼ਦ ਨੇ ਪਹਿਲੇ ਬੈਚ ’ਚ ਅਜਿਹੇ 15 ਹਲਕੇ ਲੜਾਕੂ ਹੈਲੀਕਾਪਟਰਾਂ ਦੀ ਖ਼ਰੀਦ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
-ਪੀਟੀਆਈ