ਮੁੰਬਈ, 10 ਦਸੰਬਰ
ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਐਲਾਨ ਕੀਤਾ ਕਿ ਅਗਲੇ ਵਰ੍ਹੇ ਹੱਜ ’ਤੇ ਜਾਣ ਵਾਲੇ ਲੋਕਾਂ ਲਈ ਅਰਜ਼ੀਆਂ ਦੇਣ ਦੀ ਆਖਰੀ ਤਰੀਕ 10 ਜਨਵਰੀ ਤੱਕ ਵਧਾ ਦਿੱਤੀ ਗਈ ਹੈ। ਸ੍ਰੀ ਨਕਵੀ ਨੇ ਦੱਸਿਆ ਕਿ ਜੂਨ ਅਤੇ ਜੁਲਾਈ ’ਚ ਹੋਣ ਵਾਲੀ ਹੱਜ ਯਾਤਰਾ ਕੋਵਿਡ-19 ਮਹਾਮਾਰੀ ਦਰਮਿਆਨ ਸਾਊਦੀ ਅਰਬ ਅਤੇ ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੀ ਹੋਵੇਗੀ। ਹੱਜ ਲਈ ਅਰਜ਼ੀਆਂ ਜਮਾਂ ਕਰਵਾਉਣ ਦੀ ਅੱਜ ਆਖਰੀ ਤਰੀਕ ਸੀ ਅਤੇ ਹੁਣ ਤੱਕ 40 ਹਜ਼ਾਰ ਤੋਂ ਵੱਧ ਅਰਜ਼ੀਆਂ ਮਿਲ ਚੁੱਕੀਆਂ ਹਨ। ਬਿਆਨ ’ਚ ਦੱਸਿਆ ਗਿਆ ਹੈ ਕਿ ਇਨ੍ਹਾਂ ’ਚੋਂ 500 ਤੋਂ ਵੱਧ ਮਹਿਲਾਵਾਂ ਹਨ ਜੋ ਬਿਨਾਂ ‘ਮਹਿਰਮ’ (ਪੁਰਸ਼ ਸਾਥੀ ਤੋਂ ਬਿਨਾਂ) ਦੇ ਹੱਜ ਕਰਨ ਦੀਆਂ ਇਛੁੱਕ ਹਨ। -ਪੀਟੀਆਈ