ਨਵੀਂ ਦਿੱਲੀ, 17 ਮਈ
ਸੁਪਰੀਮ ਕੋਰਟ ਨੇ ਵਾਰਾਨਸੀ ਦੇ ਜ਼ਿਲ੍ਹਾ ਮੈਜਿਸਟਰੇਟ (ਡੀਐੱਮ) ਨੂੰ ਗਿਆਨਵਾਪੀ-ਸ਼੍ਰਿੰਗਾਰ ਗੌਰੀ ਕੰਪਲੈਕਸ ਵਿੱਚ ਵੀਡੀਓਗ੍ਰਾਫੀ-ਸਰਵੇਖਣ ਦੌਰਾਨ ਮਿਲੇ ਸ਼ਿਵਲਿੰਗ ਵਾਲੀ ਥਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਜਸਟਿਸ ਡੀ.ਵਾਈ.ਚੰਦਰਚੂੜ ਤੇ ਜਸਟਿਸ ਪੀ.ਐੱਸ.ਨਰਸਿਮ੍ਹਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਅੰਜੁਮਨ ਇੰਤਜ਼ਾਮੀਆ ਮਸਜਿਦ ਦੀ ਪ੍ਰਬੰਧਕ ਕਮੇਟੀ ਦੀ ਅਪੀਲ ’ਤੇ ਸੁਣਵਾਈ ਕਰਦਿਆਂ ਹਦਾਇਤ ਕੀਤੀ ਕਿ ਮੁਸਲਿਮ ਭਾਈਚਾਰੇ ਦੇ ਲੋਕ ਬਿਨਾਂ ਕਿਸੇ ਰੋਕ-ਟੋਕ ਦੇ ਮਸਜਿਦ ਵਿੱਚ ਨਮਾਜ਼ ਅਦਾ ਕਰ ਸਕਦੇ ਹਨ। ਸਿਖਰਲੀ ਅਦਾਲਤ ਨੇ ਹਾਲਾਂਕਿ ਵਾਰਾਨਸੀ ਕੋਰਟ ਵਿੱਚ ਚੱਲ ਰਹੀ ਸੁਣਵਾਈ ’ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ। ਬੈਂਚ ਨੇ ਕਿਹਾ, ‘‘ਇਹ ਆਰਜ਼ੀ ਪ੍ਰਬੰਧ ਹੈ ਤੇ ਸਾਨੂੰ ਸਬੰਧਤ ਧਿਰਾਂ ਦੇ ਹੱਕਾਂ ਨੂੰ ਲੈ ਕੇ ਤਵਾਜ਼ਨ ਬਣਾ ਕੇ ਰੱਖਣ ਦੀ ਲੋੜ ਹੈ।’’ ਸੁਪਰੀਮ ਕੋਰਟ ਨੇ ਕੇਸ ਵਿੱਚ ਹਿੰਦੂ ਧਿਰ ਦੇ ਪਟੀਸ਼ਨਰ ਨੂੰ ਨੋਟਿਸ ਜਾਰੀ ਕਰਦਿਆਂ ਮਸਜਿਦ ਕਮੇਟੀ ਦੀ ਅਪੀਲ ’ਤੇ ਅਗਲੀ ਸੁਣਵਾਈ 19 ਮਈ ਲਈ ਨਿਰਧਾਰਿਤ ਕਰ ਦਿੱਤੀ ਹੈ।
ਉਧਰ ਗਿਆਨਵਾਪੀ ਮਸਜਿਦ ਕੰਪਲੈਕਸ ਵਿੱਚ ਵੀਡੀਓਗ੍ਰਾਫ਼ੀ ਸਰਵੇਖਣ ਦੇ ਹੁਕਮ ਦੇਣ ਵਾਲੀ ਵਾਰਾਨਸੀ ਕੋਰਟ ਨੇ ਅਜੈ ਮਿਸ਼ਰਾ ਨੂੰ ‘ਆਪਣਾ ਫਰਜ਼ ਨਿਭਾਉਣ ਮੌਕੇ ਵਿਖਾਏ ਗ਼ੈਰਜ਼ਿੰਮੇਵਾਰਾਨਾ ਰਵੱਈਏ’ ਲਈ ਐਡਵੋਕੇਟ ਕਮਿਸ਼ਨਰ ਦੇ ਅਹੁਦੇ ਤੋਂ ਹਟਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਕੋਰਟ ਨੇ ਕਮਿਸ਼ਨ ਨੂੰ ਆਪਣੀ ਸਰਵੇਖਣ ਰਿਪੋਰਟ ਸੌਂਪਣ ਲਈ ਦੋ ਦਿਨਾਂ ਦੀ ਮੋਹਲਤ ਦਿੱਤੀ ਹੈ। ਜ਼ਿਲ੍ਹਾ ਸਿਵਲ ਜੱਜ ਰਵੀ ਕੁਮਾਰ ਦਿਵਾਕਰ ਨੇ ਅਜੈ ਮਿਸ਼ਰਾ ਨੂੰ ਹਟਾਉਣ ਸਬੰਧੀ ਹੁਕਮ ਵਿਸ਼ੇਸ਼ ਐਡਵੋਕੇਟ ਕਮਿਸ਼ਨਰ ਵਿਸ਼ਾਲ ਸਿੰਘ ਵੱਲੋਂ ਦਾਇਰ ਅਰਜ਼ੀ ’ਤੇ ਕੀਤੇ ਹਨ। ਸਿੰਘ ਨੇ ਕੋਰਟ ਨੂੰ ਦੱਸਿਆ ਸੀ ਕਿ ਮਿਸ਼ਰਾ ਨੇ ਨਿੱਜੀ ਕੈਮਰਾਮੈਨ ਆਰ.ਪੀ.ਸਿੰਘ ਦੀ ਤਾਇਨਾਤੀ ਕੀਤੀ ਸੀ, ਜੋ ਮੀਡੀਆ ਨੂੰ ਨਿਯਮਤ ਆਧਾਰ ’ਤੇ ਗ਼ਲਤ ਜਾਣਕਾਰੀ ਦੇ ਰਿਹਾ ਸੀ। ਕੋਰਟ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਜਦੋਂ ਕਿਸੇ ਐਡਵੋਕੇਟ ਨੂੰ ਐਡਵੋਕੇਟ ਕਮਿਸ਼ਨਰ ਨਿਯੁਕਤ ਕੀਤਾ ਜਾਂਦਾ ਹੈ, ਤਾਂ ਉਸ ਦਾ ਅਹੁਦਾ ਸਰਕਾਰੀ ਨੌਕਰ ਵਾਲਾ ਹੁੰਦਾ ਹੈ ਤੇ ਉਸ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਬਿਨਾਂ ਕਿਸੇ ਪੱਖਪਾਤ ਤੋਂ ਨਿਭਾਏਗਾ ਅਤੇ ਉਹ ਕੋਈ ਗੈਰਜ਼ਿੰਮੇਵਾਰਾਨਾ ਬਿਆਨ ਵੀ ਨਹੀਂ ਦੇਵੇਗਾ। ਕੋਰਟ ਨੇ ਕਿਹਾ ਕਿ ਕਮਿਸ਼ਨ ਵੱਲੋਂ 12 ਮਈ ਮਗਰੋਂ ਕੀਤੇ ਸਾਰੇ ਕੰਮ ਦੀ ਰਿਪੋਰਟ ਵਿਸ਼ਾਲ ਸਿੰਘ ਵੱਲੋਂ ਜਮ੍ਹਾਂ ਕਰਵਾਈ ਜਾਵੇਗੀ।
ਵਿਸ਼ਾਲ ਸਿੰਘ ਨੇ ਪੀਟੀਆਈ ਨੂੰ ਦੱਸਿਆ, ‘‘ਮੈਂ ਅਜੈ ਕੁਮਾਰ ਮਿਸ਼ਰਾ ਨੂੰ ਹਟਾਉਣ ਲਈ ਅਰਜ਼ੀ ਦਾਖ਼ਲ ਨਹੀਂ ਕੀਤੀ ਸੀ, ਮੈਂ ਤਾਂ ਇਹ ਜਾਣਨਾ ਚਾਹੁੰਦਾ ਸੀ ਕਿ ਮੈਂ ਕਿਸ ਜ਼ਿੰਮੇਵਾਰੀ ਨੂੰ ਪੂਰਾ ਕਰਨਾ ਹੈ।’’ ਇਸ ਤੋਂ ਪਹਿਲਾਂ ਮਸਜਿਦ ਕਮੇਟੀ ਨੇ ਵੀ ਮਿਸ਼ਰਾ ’ਤੇ ਪੱਖਪਾਤੀ ਹੋਣ ਦਾ ਦੋਸ਼ ਲਾਉਂਦਿਆਂ ਉਸ ਦੀ ਨਿਯੁਕਤੀ ਦਾ ਵਿਰੋਧ ਕੀਤਾ ਸੀ। ਉਨ੍ਹਾਂ ਮਿਸ਼ਰਾ ਨੂੰ ਹਟਾਉਣ ਦੀ ਮੰਗ ਕੀਤੀ ਸੀ, ਪਰ ਜੱਜ ਦਿਵਾਕਰ ਨੇ ਲੰਘੇ ਵੀਰਵਾਰ ਅਪੀਲ ਖਾਰਜ ਕਰ ਦਿੱਤੀ ਸੀ। ਜੱਜ ਨੇ ਹਾਲਾਂਕਿ ਦੋ ਹੋਰ ਐਡਵੋਕੇਟਾਂ- ਵਿਸ਼ੇਸ਼ ਐਡਵੋਕੇਟ ਕਮਿਸ਼ਨਰ ਵਿਸ਼ਾਲ ਸਿੰਘ ਅਤੇ ਸਹਾਇਕ ਐਡਵੋਕੇਟ ਕਮਿਸ਼ਨਰ ਅਜੈ ਪ੍ਰਤਾਪ ਸਿੰਘ, ਨੂੰ ਕੋਰਟ ਕਮਿਸ਼ਨਰ ਦੀ ਮਦਦ ਲਈ ਨਿਯੁਕਤ ਕਰਦਿਆਂ 17 ਮਈ ਤੱਕ ਸਰਵੇਖਣ ਰਿਪੋਰਟ ਸੌਂਪਣ ਦੀ ਹਦਾਇਤ ਕੀਤੀ ਸੀ।
ਸਹਾਇਕ ਐਡਵੋਕੇਟ ਕਮਿਸ਼ਨਰ ਅਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਕਮਿਸ਼ਨ ਨੇ ਅੱਜ ਵਾਰਾਨਸੀ ਕੋਰਟ ਤੋਂ ਰਿਪੋਰਟ ਜਮ੍ਹਾਂ ਕਰਵਾਉਣ ਲਈ ਕੁਝ ਹੋਰ ਸਮਾਂ ਮੰਗਿਆ ਸੀ। ਕਮਿਸ਼ਨ ਨੇ ਦਾਅਵਾ ਕੀਤਾ ਸੀ ਕਿ ਉਹ ਹੁਣ ਤੱਕ ‘50 ਫੀਸਦੀ ਰਿਪੋਰਟ’ ਹੀ ਤਿਆਰ ਕਰ ਸਕੇ ਹਨ। ਸਿੰਘ ਨੇ ਸਬੰਧਤ ਖੇਤਰ ਦਾ ਨਕਸ਼ਾ ਬਣਾਉਣ ਵਿੱਚ ਹੋ ਰਹੀ ਦੇਰੀ ਦਾ ਵੀ ਜ਼ਿਕਰ ਕੀਤਾ। ਸਿੰਘ ਨੇ ਕਿਹਾ, ‘‘ਕੋਰਟ ਨੇ ਕਮਿਸ਼ਨ ਨੂੰ ਆਪਣੀ ਰਿਪੋਰਟ ਸੌਂਪਣ ਲਈ ਦੋ ਦਿਨ ਦਾ ਸਮਾਂ ਦਿੱਤਾ ਹੈ ਤੇ 19 ਮਈ ਤੱਕ ਰਿਪੋਰਟ ਕੋਰਟ ਨੂੰ ਸੌਂਪੀ ਦਿੱਤੀ ਜਾਵੇਗੀ।’’ ਸਿੰਘ ਨੇ ਇਹ ਵੀ ਕਿਹਾ ਕਿ ਕੋਰਟ ਦੀ ਨਿਗਰਾਨੀ ’ਚ ਚੱਲ ਰਹੀ ਇਸ ਪੂਰੀ ਮਸ਼ਕ ਦੌਰਾਨ ਜ਼ਮੀਨਦੋਜ਼ ਕਮਰਿਆਂ ਦਾ ਸਰਵੇਖਣ ਵੀ ਕੀਤਾ ਗਿਆ। ਜਿਨ੍ਹਾਂ ਕਮਰਿਆਂ ਨੂੰ ਲੱਗੇ ਤਾਲਿਆਂ ਦੀ ਚਾਬੀਆਂ ਨਹੀਂ ਸਨ, ਉਹ ਤੋੜ ਦਿੱਤੇ ਗਏ। ਮਸਜਿਦ ਅਹਾਤੇ ਵਿੱਚ ਵਜ਼ੂਖਾਨਾ (ਜਿੱਥੇ ਨਮਾਜ਼ ਅਦਾ ਕਰਨ ਤੋਂ ਪਹਿਲਾਂ ਨਮਾਜ਼ੀ ਹੱਥ ਧੋਂਦੇ ਹਨ) ਵਾਲੀ ਥਾਂ ਬਾਰੇ ਪੁੱਛਣ ’ਤੇ ਸਿੰਘ ਨੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਇਸ ਦੌਰਾਨ ਹਿੰਦੂ ਧਿਰ ਦੇ ਵਕੀਲ ਵਿਸ਼ਨੂ ਜੈਨ ਨੇ ਕਿਹਾ ਕਿ ਉਨ੍ਹਾਂ ਕੋਰਟ ਵਿੱਚ ਇਕ ਹੋਰ ਅਪੀਲ ਦਾਖ਼ਲ ਕਰਕੇ ਮਸਜਿਦ ਦੇ ਦੱਖਣੀ ਹਿੱਸੇ, ਜੋ ਨੰਦੀ ਜੀ ਦੀ ਤਸਵੀਰ ਦੇ ਬਿਲਕੁਲ ਸਾਹਮਣੇ ਹੈ, ਨੇੜਲੇ ਖੇਤਰ ਦਾ ਸਰਵੇਖਣ ਕਰਵਾਉਣ ਦੀ ਮੰਗ ਕੀਤੀ ਹੈ। ਇਸ ਨਵੀਂ ਅਪੀਲ ਬਾਰੇ ਕੋਰਟ ਦੀ ਰਾਇ ਬਾਰੇ ਪੁੱਛਣ ’ਤੇ ਅਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਕੋਰਟ ਇਸ ਮਾਮਲੇ ’ਤੇ ਬੁੱਧਵਾਰ ਨੂੰ ਸੁਣਵਾਈ ਕਰੇਗੀ ਤੇ ਦੋਵੇਂ ਧਿਰਾਂ ਜ਼ਿਰ੍ਹਾ ਕਰਨਗੀਆਂ। -ਪੀਟੀਆਈ
ਡਰਾਮਾ ਕਰ ਰਹੀ ਹੈ ਭਾਜਪਾ: ਗਹਿਲੋਤ
ਜੈਪੁਰ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਭਾਜਪਾ ’ਤੇ ਦੇਸ਼ ਅੰਦਰ ਨਵਾਂ ਡਰਾਮਾ ਸ਼ੁਰੂ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਗਵਾਂ ਪਾਰਟੀ ਦੀਆਂ ਨੀਤੀਆਂ ਦੇਸ਼ ਨੂੰ ਤਬਾਹ ਕਰ ਦੇਣਗੀਆਂ। ਗਹਿਲੋਤ ਨੇ ਕਿਹਾ, ‘ਭਾਜਪਾ ਦਾ ਲੋਕਤੰਤਰ ’ਚ ਕੋਈ ਯਕੀਨ ਨਹੀਂ। ਇਸ ਦੇ ਆਗੂ ਲੋਕਤੰਤਰ ਦਾ ਨਕਾਬ ਪਹਿਨ ਕੇ ਸਿਆਸਤ ਕਰ ਰਹੇ ਹਨ। ਭਾਜਪਾ ਦੀਆਂ ਨੀਤੀਆਂ, ਪ੍ਰੋਗਰਾਮ ਤੇ ਸਿੱਧਾਂਤ ਦੇਸ਼ ਨੂੰ ਤਬਾਹ ਕਰ ਰਹੇ ਹਨ।’ -ਪੀਟੀਆਈ
ਲੋਕ ਮੁੱਦਿਆਂ ਤੋਂ ਧਿਆਨ ਭਟਕਾ ਰਹੀ ਹੈ ਭਾਜਪਾ: ਅਖਿਲੇਸ਼
ਆਜ਼ਮਗੜ੍ਹ: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਦੋਸ਼ ਲਾਇਆ ਕਿ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਭਾਜਪਾ ਤੇ ਇਸ ਦੇ ਭਾਈਵਾਲ ਗਿਆਨਵਾਪੀ ਮਸਜਿਦ ਜਿਹੇ ਮੁੱਦੇ ਉਭਾਰ ਰਹੇ ਹਨ। ਉਨ੍ਹਾਂ ਕਿਹਾ ਕਿ ਗਿਆਨਵਾਪੀ ਇੱਕ ਪੁਰਾਣੀ ਮਸਜਿਦ ਹੈ ਅਤੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਭਾਜਪਾ ਦੇ ‘ਅਦਿੱਖ ਭਾਈਵਾਲ’ ਸਮੇਂ-ਸਮੇਂ ’ਤੇ ਬਾਹਰ ਆਉਂਦੇ ਨੇ ਅਤੇ ਨਫ਼ਰਤ ਦੇ ਬੀਜ ਬੀਜਦੇ ਹਨ। -ਪੀਟੀਆਈ
ਹਿੰਦੂ-ਮੁਸਲਮਾਨ ਏਕਾ ਬਣਾ ਕੇ ਰੱਖਣ: ਪਾਟਿਲ
ਮੁੰਬਈ: ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਅੱਜ ਕਿਹਾ ਕਿ ਹਿੰਦੂ ਤੇ ਮੁਸਲਿਮ ਭਾਈਚਾਰੇ ਦੇ ਮੈਂਬਰ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਨੂੰ ਧਰਮ ਦੇ ਨਾਂ ’ਤੇ ਵੰਡਣ ਦੀ ਕੋਈ ਕੋਸ਼ਿਸ਼ ਕਾਮਯਾਬ ਨਾ ਹੋਵੇ ਤੇ ਮਾਹੌਲ ਸ਼ਾਂਤੀਪੂਰਨ ਬਣਿਆ ਰਹੇ। ਉਨ੍ਹਾਂ ਕਿਹਾ ਕਿ ਗਿਆਨਵਾਪੀ ਮਸਜਿਦ ਦਾ ਮਸਲਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ। ਹਿੰਦੂ ਤੇ ਮੁਸਲਮਾਨ ਫਿਰਕਿਆਂ ਦੇ ਭੈਣ-ਭਰਾ ਆਪਸੀ ਪਿਆਰ ਤੇ ਸਦਭਾਵਨਾ ਬਣਾ ਕੇ ਰੱਖਣ। -ਪੀਟੀਆਈ
ਮਥੁਰਾ ’ਚ ਸ਼ਾਹੀ ਈਦਗਾਹ ਮਸਜਿਦ ਦੀ ਵੀਡੀਓਗ੍ਰਾਫੀ ਬਾਰੇ ਪਟੀਸ਼ਨ ’ਤੇ ਸੁਣਵਾਈ ਕਰੇਗੀ ਅਦਾਲਤ
ਮਥੁਰਾ(ਯੂਪੀ): ਵਾਰਾਨਸੀ ਵਿੱਚ ਗਿਆਨਵਾਪੀ ਮਸਜਿਦ ਦੇ ਸਰਵੇਖਣ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਮਥੁਰਾ ਕੋਰਟ ਨੇ ਕ੍ਰਿਸ਼ਨ ਜਨਮ ਭੂਮੀ ਦੇ ਨਾਲ ਲੱਗਦੀ ਸ਼ਾਹੀ ਈਦਗਾਹ ਮਸਜਿਦ ਦੀ ਵੀਡੀਓਗ੍ਰਾਫੀ ਕਰਵਾਉਣ ਦੀ ਮੰਗ ਕਰਦੀਆਂ ਪਟੀਸ਼ਨਾਂ ’ਤੇ ਸੁਣਵਾਈ ਲਈ ਸਹਿਮਤੀ ਦਿੱਤੀ ਹੈ। ਵਕੀਲਾਂ ਅਤੇ ਕਾਨੂੰਨ ਦੇ ਵਿਦਿਆਰਥੀਆਂ ਦੇ ਸਮੂਹ ਨੇ ਮਥੁਰਾ ਅਦਾਲਤ ਦਾ ਰੁਖ਼ ਕਰਦਿਆਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਇਥੇ ਸ਼ਾਹੀ ਈਦਗਾਹ ਮਸਜਿਦ ਵਿੱਚ ਨਮਾਜ਼ ਅਦਾ ਕਰਨ ਤੋਂ ਰੋਕਣ ਦੀ ਮੰਗ ਕੀਤੀ ਹੈ। ਪਟੀਸ਼ਨਰਾਂ ਦਾ ਕਹਿਣਾ ਹੈ ਕਿ ਜਿਸ ਥਾਂ ’ਤੇ ਮਸਜਿਦ ਬਣੀ ਹੈ, ਉਹ ਭਗਵਾਨ ਕ੍ਰਿਸ਼ਨ ਦਾ ਜਨਮ ਅਸਥਾਨ ਹੈ। ਇਸ ਤੋਂ ਪਹਿਲਾਂ ਹਿੰਦੂ ਜਥੇਬੰਦੀਆਂ ਨੇ ਮਥੁਰਾ ਦੀਆਂ ਅਦਾਲਤਾਂ ਵਿੱਚ ਦਸ ਵੱਖੋ-ਵੱਖਰੀਆਂ ਪਟੀਸ਼ਨਾਂ ਦਾਖ਼ਲ ਕਰਕੇ ਮਸਜਿਦ ਨੂੰ ਇਥੋਂ ਹਟਾਉਣ ਦੀ ਮੰਗ ਕੀਤੀ ਸੀ। ਪਟੀਸ਼ਨਰਾਂ ਨੇ ਦਾਅਵਾ ਕੀਤਾ ਹੈ ਕਿ ਸ਼ਾਹੀ ਈਦਗਾਹ ਮਸਜਿਦ 13.37 ਏਕੜ ਜ਼ਮੀਨ ਵਿੱਚ ਫੈਲੇ ਸ੍ਰੀ ਕ੍ਰਿਸ਼ਨ ਜਨਮ ਭੂਮੀ ਮੰਦਰ ਦੇ ਇੱਕ ਹਿੱਸੇ ਨੂੰ ਢਾਹ ਕੇ ਬਣਾਈ ਗਈ ਸੀ। ਪਟੀਸ਼ਨਰਾਂ ’ਚੋਂ ਇਕ ਐਡਵੋਕੇਟ ਸ਼ੈਲੇਂਦਰ ਸਿੰਘ ਨੇ ਦਾਅਵਾ ਕੀਤਾ ਕਿ ਮਸਜਿਦ ਠੀਕੇ ਉਸੇ ਥਾਂ ’ਤੇ ਬਣੀ ਹੈ, ਜਿੱਥੇ ਕਦੇ ਮੰਦਰ ਹੁੰਦਾ ਸੀ। ਪਟੀਸ਼ਨਰਾਂ ਮਨੀਸ਼ ਯਾਦਵ, ਮਹਿੰਦਰ ਪ੍ਰਤਾਪ ਸਿੰਘ ਅਤੇ ਦਿਨੇਸ਼ ਸ਼ਰਮਾ ਨੇ ਮਥੁਰਾ ਵਿੱਚ ਸ਼ਾਹੀ ਈਦਗਾਹ ਮਸਜਿਦ ਕੰਪਲੈਕਸ ਵਿੱਚ ਵੀਡੀਓ ਸਰਵੇਖਣ ਕਰਵਾਉਣ ਲਈ ਐਡਵੋਕੇਟ ਕਮਿਸ਼ਨਰ ਦੀ ਨਿਯੁਕਤੀ ਦੀ ਮੰਗ ਕੀਤੀ ਹੈ। ਜ਼ਿਲ੍ਹਾ ਸਰਕਾਰੀ ਵਕੀਲ (ਸਿਵਲ) ਸੰਜੈ ਗੌਰ ਨੇ ਕਿਹਾ ਕਿ ਕੇਸ ਦੀ ਅਗਲੀ ਸੁਣਵਾਈ 25 ਮਈ ਨੂੰ ਹੋਵੇਗੀ। ਇਸ ਤੋਂ ਪਹਿਲਾਂ 12 ਮਈ ਨੂੰ ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਮਥੁਰਾ ਅਦਾਲਤ ਨੂੰ ਸ੍ਰੀ ਕ੍ਰਿਸ਼ਨ ਜਨਮ ਭੂਮੀ-ਸ਼ਾਹੀ ਈਦਗਾਹ ਮਸਜਿਦ ਵਿਵਾਦ ਨਾਲ ਸਬੰਧਤ ਸਾਰੇ ਕੇਸਾਂ ਦਾ ਚਾਰ ਮਹੀਨਿਆਂ ਅੰਦਰ ਨਿਪਟਾਰਾ ਕਰਨ ਦਾ ਹੁਕਮ ਦਿੱਤਾ ਸੀ। -ਪੀਟੀਆਈ
ਹੁਣ ਕਾਸ਼ੀ ਤੇ ਮਥੁਰਾ ਦੀ ਵਾਰੀ: ਈਸ਼ਵਰੱਪਾ
ਸ਼ਿਵਾਮੋਗਾ: ਸੀਨੀਅਰ ਭਾਜਪਾ ਆਗੂ ਤੇ ਕਰਨਾਟਕ ਸਰਕਾਰ ਦੇ ਸਾਬਕਾ ਮੰਤਰੀ ਕੇਐੱਸ ਈਸ਼ਵਰੱਪਾ ਨੇ ਅੱਜ ਕਿਹਾ ਕਿ ਹਿੰਦੂਆਂ ਨੇ ਪਹਿਲਾਂ ਹੀ ਅਯੁੱਧਿਆ ’ਤੇ ਕਬਜ਼ਾ ਕਰ ਲਿਆ ਹੈ। ਹੁਣ ਕਾਸ਼ੀ ’ਤੇ ਕਬਜ਼ਾ ਕੀਤਾ ਜਾਵੇਗਾ ਅਤੇ ਭਵਿੱਖ ’ਚ ਮਥੁਰਾ ਹਾਸਲ ਕੀਤਾ ਜਾਵੇਗਾ। ਈਸ਼ਵਰੱਪਾ ਨੇ ਕਿਹਾ ਕਿ ਅਯੁੱਧਿਆ, ਕਾਸ਼ੀ ਤੇ ਮਥੁਰਾ ਹਿੰਦੂਆਂ ਦੇ ਤੀਰਥ ਸਥਾਨ ਹਨ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਨੇ ਸਿਰਫ਼ ਇੱਥੇ ਆਪਣੀਆਂ ਮਸਜਿਦਾਂ ਉਸਾਰੀਆਂ ਹਨ। ਉਨ੍ਹਾਂ ਕਿਹਾ, ‘ਗਿਆਨਵਾਪੀ ਮਸਜਿਦ ਦੇ ਖੂਹ ’ਚੋਂ 12 ਫੁੱਟ ਉੱਚਾ ਸ਼ਿਵਲਿੰਗ ਮਿਲਿਆ ਹੈ। ਇਸ ਸਰਵੇਖਣ ਤੋਂ ਇਹ ਸਾਬਤ ਹੋ ਗਿਆ ਹੈ ਕਿ ਗਿਆਨਵਾਪੀ ’ਚ ਸ਼ਿਵ ਜੀ ਦਾ ਮੰਦਰ ਸੀ ਨਾ ਕਿ ਮਸਜਿਦ।’ ਉਨ੍ਹਾਂ ਕਿਹਾ ਕਿ 350 ਸਾਲ ਪਹਿਲਾਂ ਔਰੰਗਜ਼ੇਬ ਨੇ ਮੰਦਰ ਢਾਹ ਕੇ ਮਸਜਿਦ ਉਸਾਰੀ ਸੀ ਤੇ ਫਿਰ 110 ਸਾਲ ਬਾਅਦ ਅਹਿੱਲਿਆ ਬਾਈ ਨੇ ਮੁੜ ਸ਼ਿਵ ਮੰਦਰ ਉਸਾਰਿਆ। ਉਨ੍ਹਾਂ ਕਿਹਾ, ‘ਇੱਕ ਪਾਸੇ ਗਿਆਨਵਾਪੀ ’ਚੋਂ ਸ਼ਿਵਲਿੰਗ ਮਿਲਿਆ ਹੈ ਤੇ ਦੂਜੇ ਪਾਸੇ ਏਆਈਐੱਮਆਈਐੱਮ ਦੇ ਸੰਸਦ ਮੈਂਬਰ ਓਵੈਸੀ ਔਰੰਗਜ਼ੇਬ ਦੀ ਕਬਰ ’ਤੇ ਦੁਆ ਕਰਨਗੇ। ਫਿਰ ਉਨ੍ਹਾਂ ਨੂੰ ਦੇਸ਼ਧਰੋਹੀ ਕਿਉਂ ਨਾ ਕਿਹਾ ਜਾਵੇ?’ -ਆਈਏਐੱਨਐੱਸ