ਵਾਰਾਨਸੀ (ਯੂਪੀ): ਵਾਰਾਨਸੀ ਕੋਰਟ ਨੇ ਗਿਆਨਵਾਪੀ ਮਸਜਿਦ ਅਹਾਤੇ ਵਿੱਚੋਂ ਮਿਲੇ ਕਥਿਤ ‘ਸ਼ਿਵਲਿੰਗ’ ਦੀ ਕਾਰਬਨ ਡੇਟਿੰਗ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ। ਜ਼ਿਲ੍ਹਾ ਜੱਜ ਏ.ਕੇ.ਵਿਸ਼ਵੇਸ਼ਾ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਹਵਾਲੇ ਨਾਲ ਹਿੰਦੂ ਪਟੀਸ਼ਨਰਾਂ ਵੱਲੋਂ ਕੀਤੀ ਸ਼ਿਵਲਿੰਗ ਦੀ ਸਾਇੰਟਫਿਕ ਜਾਂਚ ਤੇ ਕਾਰਬਨ ਡੇਟਿੰਗ ਦੀ ਮੰਗ ਨੂੰ ਰੱਦ ਕਰ ਦਿੱਤਾ। ਜ਼ਿਲ੍ਹਾ ਜੱਜ ਨੇ ਕਿਹਾ ਕਿ ਸਿਖਰਲੀ ਕੋਰਟ ਨੇ ਸ਼ਿਵਲਿੰਗ ਨੂੰ ਸੁਰੱਖਿਅਤ ਰੱਖਣ ਸਬੰਧੀ ਹੁਕਮ ਕੀਤੇ ਹੋਏ ਹਨ, ਲਿਹਾਜ਼ਾ ਇਸ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ। ਉਧਰ ਚਾਰ ਹਿੰੰਦੂ ਪਟੀਸ਼ਨਰਾਂ ਦੇ ਵਕੀਲ ਵਿਸ਼ਨੂ ਸ਼ੰਕਰ ਜੈਨ ਨੇ ਕਿਹਾ ਕਿ ਉਹ ਆਪਣੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ਼ ਕਰਨਗੇ। ਸਰਕਾਰੀ ਵਕੀਲ ਰਾਣਾ ਸੰਜੀਵ ਸਿੰਘ ਨੇ ਕਿਹਾ ਕਿ ਵਾਰਾਨਸੀ ਕੋਰਟ ਨੇ ਗਿਆਨਵਾਪੀ ਮਸਜਿਦ-ਸ਼੍ਰਿੰਗਾਰ ਗੌਰੀ ਕੇਸ ਦੀ ਅਗਲੀ ਸੁਣਵਾਈ 17 ਅਕਤੁੂਬਰ ਲਈ ਨਿਰਧਾਰਿਤ ਕਰ ਦਿੱਤੀ ਹੈ।
ਜ਼ਿਲਾ ਕੋਰਟ ਨੇ ਮੰਗਲਵਾਰ ਨੂੰ ਹਿੰਦੂ ਧਿਰ ਤੇ ਮਸਜਿਦ ਕਮੇਟੀ ਦੀਆਂ ਦਲੀਲਾਂ ਸੁਣਨ ਦਾ ਅਮਲ ਮੁਕੰਮਲ ਹੋਣ ਮਗਰੋਂ 14 ਅਕਤੂਬਰ ਨੂੰ ਆਪਣਾ ਫ਼ੈਸਲਾ ਸੁਣਾਉਣ ਦੀ ਗੱਲ ਆਖੀ ਸੀ। ਹਿੰਦੂ ਧਿਰ ਦੇ ਵਕੀਲ ਸ਼ਿਵਮ ਗੌੜ ਨੇ ਕਿਹਾ ਕਿ ਕੋਰਟ ਦਾ ਇਹ ਵਿਚਾਰ ਸੀ ਕਿ ਸੁਪਰੀਮ ਕੋਰਟ ਦੇ ਫੈਸਲੇ ਤੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਕਾਰਬਨ ਡੇਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਤੇ ‘ਵਜ਼ੂਖਾਨਾ’ ਪਹਿਲਾਂ ਵਾਂਗ ਸੀਲ ਰਹੇਗਾ। ਕਾਬਿਲੇਗੌਰ ਹੈ ਕਿ ਪੰਜ ਹਿੰਦੂ ਧਿਰਾਂ ਵਿੱਚੋਂ ਚਾਰ ਨੇ ਸ਼ਿਵਲਿੰਗ ਦੀ ਕਾਰਬਨ ਡੇਟਿੰਗ ਕਰਵਾਏ ਜਾਣ ਦੀ ਮੰਗ ਕੀਤੀ ਸੀ। ਮਸਜਿਦ ਕੰਪਲੈਕਸ ਦੇ ਅਦਾਲਤੀ ਹੁਕਮਾਂ ’ਤੇ ਹੋਏ ਵੀਡੀਓਗ੍ਰਾਫ਼ ਸਰਵੇ ਦੌਰਾਨ ਕਥਿਤ ਸ਼ਿਵਲਿੰਗ ‘ਵਜ਼ੂਖਾਨਾ’ ਨੇੜਿਓਂ ਮਿਲਿਆ ਸੀ। ਮਸਜਿਦ ਪ੍ਰਬੰਧਕ ਕਮੇਟੀ ਦਾ ਦਾਅਵਾ ਸੀ ਕਿ ਟੀਮ ਨੂੰ ਮਿਲਿਆ ਢਾਂਚਾ ‘ਸ਼ਿਵਲਿੰਗ’ ਨਹੀਂ ਬਲਕਿ ‘ਵਜ਼ੂਖਾਨਾ’ ਸਰੋਵਰ ਕੁੰਡ ਦਾ ਹਿੱਸਾ ਹੈ।
ਉਧਰ ਪਟੀਸ਼ਨਰਾਂ ਵੱਲੋਂ ਪੇਸ਼ ਵਕੀਲ ਵਿਸ਼ਨੂ ਸ਼ੰਕਰ ਜੈਨ ਨੇ ਕਿਹਾ, ‘‘ਇਥੇ ਲੜਾਈ ਨਿਆਂ ਤੇ ਸੱਚ ਦੀ ਹੈ। ਅਸੀਂ ਸਾਇੰਟਫਿਕ ਸਰਵੇ ਦੀ ਆਪਣੀ ਮੰਗ ਨੂੰ ਲੈ ਕੇ ਦ੍ਰਿੜ ਹਾਂ ਤੇ ਅਸੀਂ ਇਸੇ ਮੰਗ ਨਾਲ ਸੁਪਰੀਮ ਕੋਰਟ ਜਾਵਾਂਗੇ।’’ ਵਕੀਲ ਨੇ ਕਿਹਾ, ‘‘ਮੁਹੰਮਦ ਗੌਰੀ ਨੇ 17 ਵਾਰ ਭਾਰਤ ’ਤੇ ਹਮਲਾ ਕੀਤਾ ਤੇ 18ਵੀਂ ਕੋਸ਼ਿਸ਼ ਵਿੱਚ ਸਫ਼ਲ ਰਿਹਾ।’’ -ਪੀਟੀਆਈ