ਵਾਰਾਨਸੀ: ਗਿਆਨਵਾਪੀ ਮਸਜਿਦ-ਸ਼੍ਰਿੰਗਾਰ ਗੌਰੀ ਮੰਦਰ ਕੇਸ ਵਿਚ ਪੰਜ ਵਿਚੋਂ ਚਾਰ ਪਟੀਸ਼ਨਕਰਤਾਵਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਪਟੀਸ਼ਨ ਵਾਪਸ ਲੈਣ ਦਾ ਮਨ ਬਣਾ ਰਹੇ ਹਨ। ਚਾਰ ਔਰਤਾਂ- ਸੀਤਾ ਸਾਹੂ, ਮੰਜੂ ਵਿਆਸ, ਰੇਖਾ ਪਾਠਕ ਤੇ ਲਕਸ਼ਮੀ ਦੇਵੀ ਨੇ ਕਿਹਾ ਕਿ ਉਹ ਇਹ ਕੇਸ ਅੰਤ ਤੱਕ ਲੜਨਗੀਆਂ। ਦੱਸਣਯੋਗ ਹੈ ਕਿ ਅਸਲ ਪਟੀਸ਼ਨ ਦਾ ਸਮਰਥਨ ਕਰਨ ਵਾਲੀ ਐੱਨਜੀਓ ਵਿਸ਼ਵ ਵੈਦਿਕ ਸਨਾਤਨ ਸੰਘ ਦੇ ਮੁਖੀ ਜਿਤੇਂਦਰ ਸਿੰਘ ਬਿਸਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਸੰਗਠਨ ਹੁਣ ਪਟੀਸ਼ਨ ਵਾਪਸ ਲੈਣਾ ਚਾਹੁੰਦਾ ਹੈ। ਇਸ ਰਾਹੀਂ ਸ਼੍ਰਿੰਗਾਰ ਗੌਰੀ ਮੰਦਰ ਵਿਚ ਰੋਜ਼ਾਨਾ ਪੂਜਾ-ਪਾਠ ਕਰਨ ਦੇਣ ਦੀ ਮਨਜ਼ੂਰੀ ਮੰਗੀ ਗਈ ਹੈ। ਪਟੀਸ਼ਨਕਰਤਾ ਮਹਿਲਾਵਾਂ ਨੇ ਕਿਹਾ ਕਿ ਜੇ ਕੇਸ ਵਾਪਸ ਲੈਣ ਬਾਰੇ ਕੋਈ ਫ਼ੈਸਲਾ ਲਿਆ ਗਿਆ ਹੈ ਤਾਂ ਉਹ ਇਸ ਦੇ ਖ਼ਿਲਾਫ਼ ਹਨ। ਹਾਲਾਂਕਿ ਕੇਸ ਵਿਚ ਪੰਜਵੀਂ ਪਟੀਸ਼ਨਕਰਤਾ ਰਾਖੀ ਸਿੰਘ ਅੱਜ ਹੋਈ ਪ੍ਰੈੱਸ ਕਾਨਫਰੰਸ ਵਿਚ ਮੌਜੂਦ ਨਹੀਂ ਸੀ। ਬਾਕੀ ਚਾਰ ਪਟੀਸ਼ਨਰ ਮਹਿਲਾਵਾਂ ਨੇ ਪ੍ਰੈੱਸ ਕਾਨਫਰੰਸ ਸੱਦੀ ਸੀ। -ਪੀਟੀਆਈ