ਲਖਨਊ, 16 ਦਸੰਬਰ
ਉੱਤਰ ਪ੍ਰਦੇਸ਼ ਅਸੈਂਬਲੀ ਦੇ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਅੱਜ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੀ ਬਰਖਾਸਤਗੀ ਦਾ ਮੁੁੱਦਾ ਗੂੰਜਿਆ। ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਆ ਕੇ ਨਾਅਰੇਬਾਜ਼ੀ ਕੀਤੀ ਤੇ ਲਖੀਮਪੁਰ ਖੀਰੀ ਹਿੰਸਾ ਕੇਸ ਨੂੰ ਲੈ ਕੇ ਮਿਸ਼ਰਾ ਦੀ ਬਰਖਾਸਤਗੀ ਦੀ ਮੰਗ ਕੀਤੀ। ਉਂਜ ਇਸ ਰੌਲੇ-ਰੱਪੇ ਦਰਮਿਆਨ ਸੂੁਬਾ ਸਰਕਾਰ ਨੇ ਮੌਜੂਦਾ ਵਿੱਤੀ ਸਾਲ ਲਈ 8479.53 ਕਰੋੜ ਰੁਪਏ ਦਾ ਦੂਜਾ ਸਪਲੀਮੈਂਟਰੀ ਬਜਟ ਸਦਨ ਵਿੱਚ ਪੇਸ਼ ਕਰ ਦਿੱਤਾ।
ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਨੇ ਨੇਤਾ ਸਪਾ ਆਗੂ ਰਾਮ ਗੋਵਿੰਦ ਚੌਧਰੀ ਨੇ ਚੰਦੌਲੀ ਜ਼ਿਲ੍ਹੇ ਵਿੱਚ ਪਾਰਟੀ ਵਿਧਾਇਕ ਪ੍ਰਭੂ ਨਰਾਇਣ ਯਾਦਵ ਨਾਲ ਪੁਲੀਸ ਵੱਲੋਂ ਕੀਤੀ ਕਥਿਤ ਵਧੀਕੀ ਦਾ ਮੁੱਦਾ ਚੁੱਕਦਿਆਂ ਚਰਚਾ ਦੀ ਮੰਗ ਕੀਤੀ। ਕਾਂਗਰਸੀ ਵਿਧਾਇਕ ਦਲ ਦੀ ਆਗੂ ਅਰਾਧਨਾ ਮਿਸ਼ਰਾ ਨੇ ਹੋਰਨਾਂ ਮੈਂਬਰਾਂ ਨਾਲ ਸਦਨ ਦੇ ਐਨ ਵਿਚਾਲੇ ਆ ਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਨ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸਪਾ ਤੇ ਐੱਸਬੀਐੱਸਪੀ ਮੈਂਬਰ ਵੀ ਉਨ੍ਹਾਂ ਦੇ ਨਾਲ ਆ ਰਲੇ ਤੇ ਨਾਅਰੇਬਾਜ਼ੀ ਕੀਤੀ। ਰੌਲਾ-ਰੱਪਾ ਪੈਂਦਾ ਵੇਖ ਕੇ ਸਪੀਕਰ ਹਿਰਦੇ ਨਾਰਾਇਣ ਦੀਕਸ਼ਿਤ ਨੇ ਸਦਨ ਦੀ ਕਾਰਵਾਈ ਨੂੰ ਸਵਾ ਘੰਟੇ ਲਈ ਪੜਾਅਵਾਰ ਮੁਲਤਵੀ ਕਰ ਦਿੱਤਾ। -ਪੀਟੀਆਈ